10 ਅਗਸਤ ਨੂੰ ਗੁਰਦਾਸਪੁਰ ’ਚ ਗੂੰਜੇਗਾ ‘ਕਾਰਪੋਰੇਟੋ ਭਾਰਤ ਛੱਡੋ’ ਦਾ ਨਾਅਰਾ
* ਐਸ.ਕੇ.ਐਮ. ਵਲੋਂ ਵਿਸ਼ਾਲ ਪ੍ਰਦਰਸ਼ਨ ਦਾ ਐਲਾਨ
ਗੁਰਦਾਸਪੁਰ, 6 ਅਗਸਤ (ਗੁਰਪ੍ਰਤਾਪ ਸਿੰਘ)-ਸੰਯੁਕਤ ਕਿਸਾਨ ਮੋਰਚਾ ਵਲੋਂ 10 ਅਗਸਤ ਨੂੰ ਗੁਰਦਾਸਪੁਰ ਵਿਖੇ ਇਕ ਵਿਸ਼ਾਲ ਰੈਲੀ ਤੇ ਵਿਰੋਧ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। 1942 ਦੇ ‘ਭਾਰਤ ਛੱਡੋ ਅੰਦੋਲਨ’ ਦੀ ਯਾਦ ’ਚ ਇਹ ਪ੍ਰਦਰਸ਼ਨ ‘ਕਾਰਪੋਰੇਟੋ ਭਾਰਤ ਛੱਡੋ’ ਦੇ ਨਾਅਰੇ ਹੇਠ ਕੀਤਾ ਜਾਵੇਗਾ।
ਗੁਰਦਾਸਪੁਰ, 6 ਅਗਸਤ (ਗੁਰਪ੍ਰਤਾਪ ਸਿੰਘ)-ਸੰਯੁਕਤ ਕਿਸਾਨ ਮੋਰਚਾ ਵਲੋਂ 10 ਅਗਸਤ ਨੂੰ ਗੁਰਦਾਸਪੁਰ ਵਿਖੇ ਇਕ ਵਿਸ਼ਾਲ ਰੈਲੀ ਤੇ ਵਿਰੋਧ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। 1942 ਦੇ ‘ਭਾਰਤ ਛੱਡੋ ਅੰਦੋਲਨ’ ਦੀ ਯਾਦ ’ਚ ਇਹ ਪ੍ਰਦਰਸ਼ਨ ‘ਕਾਰਪੋਰੇਟੋ ਭਾਰਤ ਛੱਡੋ’ ਦੇ ਨਾਅਰੇ ਹੇਠ ਕੀਤਾ ਜਾਵੇਗਾ। ਇਹ ਫੈਸਲਾ ਅੱਜ ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਹਰਵਿੰਦਰ ਸਿੰਘ ਮੱਲੀ ਦੀ ਪ੍ਰਧਾਨਗੀ ਹੇਠ ਹੋਈ ਭਰਵੀਂ ਮੀਟਿੰਗ ਦੌਰਾਨ ਲਿਆ ਗਿਆ। ਆਗੂਆਂ ਨੇ ਦੱਸਿਆ ਕਿ 10 ਅਗਸਤ ਨੂੰ ਸਵੇਰੇ 11 ਵਜੇ ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਇਕੱਠੇ ਹੋ ਕੇ ਰੈਲੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸ਼ਹਿਰ ’ਚ ਰੋਸ ਮਾਰਚ ਕੱਢਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਰੋਸ ਮਾਰਚ ’ਚ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰ ਸਮਝੌਤੇ ਨੂੰ ਰੱਦ ਕੀਤਾ ਜਾਵੇ ਜਾਂ ਘੱਟੋ-ਘੱਟ ਖੇਤੀ ਉਤਪਾਦਾਂ ਤੇ ਪਰਚੂਨ ਵਸਤਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਵੇ, ਕਿਸਾਨ-ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ ‘ਤੇ ਲੀਕ ਮਾਰੀ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਐਮ.ਐਸ.ਪੀ ਦੀ ਗਾਰੰਟੀ ਦਿੱਤੀ ਜਾਵੇ, ਚਾਰ ਲੇਬਰ ਕੋਡ, ਬੀਜ ਬਿਲ, ਬਿਜਲੀ ਸੋਧ ਬਿਲ ਤੁਰੰਤ ਰੱਦ ਕੀਤੇ ਜਾਣ, ਜ਼ਮੀਨਾਂ ਦਾ ਮੁਆਵਜ਼ਾ ਕੇਵਲ 2013 ਦੇ ਫਾਰਮੂਲੇ ਦੇ ਆਧਾਰ ‘ਤੇ ਦਿੱਤਾ ਜਾਵੇ, ਮਨਰੇਗਾ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇ ਤੇ 20 ਜੁਲਾਈ ਨੂੰ ਦਿੱਲੀ ਵਿਖੇ ਸ਼ਾਂਤਮਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ‘ਤੇ ਤਸ਼ਦਦ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਆਦਿ ਮੰਗਾਂ ਮੁੱਖ ਰਹਿਣਗੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਹਰਜੀਤ ਸਿੰਘ ਕਾਹਲੋਂ, ਗੁਰਵਿੰਦਰ ਸਿੰਘ ਲਾਡੀ ਤੇ ਬਲਬੀਰ ਸਿੰਘ ਕੱਤੋਵਾਲ ਸਮੇਤ ਹੋਰਨਾਂ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਇਸ ਮੌਕੇ ਗੁਰਦੀਪ ਸਿੰਘ ਮੁਸਤਫਾਬਾਦ, ਮੰਗਤ ਸਿੰਘ ਜੀਵਨਚੱਕ, ਧੀਰ ਸਿੰਘ ਸਿੱਧੂ, ਰਘਬੀਰ ਸਿੰਘ ਚਾਹਲ, ਅਜੀਤ ਸਿੰਘ ਹੁੰਦਲ, ਬਚਨ ਸਿੰਘ ਭੰਬੋਈ, ਬਲਬੀਰ ਸਿੰਘ ਉਚਾਧਕਾਲਾ, ਬਲਰਾਜ ਸਿੰਘ, ਮਿਹਰਬਾਨ ਸਿੰਘ ਕਲੀਜਪੁਰ, ਗੁਰਚਰਨ ਸਿੰਘ ਵਾਲੀਆ, ਬਲਪ੍ਰੀਤ ਸਿੰਘ ਪ੍ਰਿੰਸ, ਬਲਜੀਤ ਸਿੰਘ ਕਲਾਨੌਰ ਅਤੇ ਸੁਰਿੰਦਰ ਸਿੰਘ ਕਾਹਲੋਂ ਵੀ ਹਾਜ਼ਰ ਸਨ।