ਬਟਾਲਾ, 23 ਨਵੰਬਰ (ਸਤਿੰਦਰ ਸਿੰਘ)- ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ.ਬੀ.ਐੱਸ.ਈ.) ਵਿਖੇ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਬ੍ਰੇਨ ਮੈਪਿੰਗ ਅਕੈਡਮੀ, ਹੈਦਰਾਬਾਦ ਦੇ ਪ੍ਰੋਗਰਾਮ ਅਧੀਨ ਇੰਗਲਿਸ਼, ਗਣਿਤ ਤੇ ਸਾਇੰਸ ਵਿਸ਼ਿਆਂ ਦੇ ਉਲੰਪੀਆਡ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ | ਇਸ ਤੋਂ ਇਲਾਵਾ 9ਵੀਂ ਤੇ 10ਵੀਂ ਜਮਾਤ ਨੂੰ ਐੱਨ.ਟੀ.ਐੱਸ.ਈ. ਦੀ ਪ੍ਰੀਖਿਆ ਦੇਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ | ਇਸ ਪ੍ਰੋਗਰਾਮ ਤਹਿਤ ਸਾਇੰਸ, ਗਣਿਤ, ਇੰਗਲਿਸ਼ ਵਿਸ਼ਿਆਂ ਵਿਚ ਉੱਚ-ਗੁਣਵੱਤਾ ਤੇ ਮੁਕਾਬਲੇ ਦੀ ਭਾਵਨਾ ਉਤਪੰਨ ਕਰਨ ਲਈ ਇੰਟਰਨੈਸ਼ਨਲ ਇੰਗਲਿਸ਼ ਉਲੰਪੀਆਡ ਦੀ ਪ੍ਰੀਖਿਆ ਲਈ 100 ਵਿਦਿਆਰਥੀਆਂ ਨੇ ਭਾਗ ਲਿਆ | ਪਿ੍ੰਸੀਪਲ ਸ: ਅਮਨਦੀਪ ਸਿੰਘ ਨੇ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਕੂਲ ਵਲੋਂ ਹੁਸ਼ਿਆਰ ਤੇ ਲੋੜਵੰਦ ਬੱਚਿਆਂ ਨੂੰ ਆਰਮਡ ਫੋਰਸਿਜ਼ ਮੋਹਾਲੀ, ਭਾਈ ਜੈਤਾ ਜੀ ਫਾਉਂਡੇਸ਼ਨ ਚੰਡੀਗੜ੍ਹ, ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਕੋਚਿੰਗ ਇੰਸਟੀਚਿਊਟ, ਫ਼ਤਹਿਗੜ੍ਹ ਸਾਹਿਬ ਤੇ ਇਨਫੋਸਿਸ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਲਈ ਅਗਵਾਈ ਵੀ ਦਿੱਤੀ ਜਾਂਦੀ ਹੈ | ਡਾਇ.-ਪਿ੍ੰਸੀਪਲ ਜਸਬਿੰਦਰ ਕੌਰ ਨੇ ਕਿਹਾ ਕਿ ਚੰਗੇ ਰੈਂਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇੰਗਲਿਸ਼ ਉਲੰਪੀਆਡ ਦੇ ਇੰਚਾਰਜ ਅਧਿਆਪਕ ਸ: ਹਰਦੀਪ ਸਿੰਘ ਵਲੋਂ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਆਪਣਾ ਯੋਗਦਾਨ ਦਿੱਤਾ ਗਿਆ |