ਕੋਟਲੀ ਸੂਰਤ ਮੱਲ੍ਹੀ, 5 ਦਸੰਬਰ (ਕੁਲਦੀਪ ਸਿੰਘ ਨਾਗਰਾ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ ਨੇ ਕਿਸਾਨਾਂ ਸਮੇਤ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾ ਲਈ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਸਹਿਕਾਰੀ ਬੈਂਕ ਸ਼ਾਖਾ ਕੋਟਲੀ ਸੂਰਤ ਮੱਲ੍ਹੀ ਵਲੋਂ ਟਿੱਚ ਸਮਝਿਆ ਜਾ ਰਿਹਾ ਹੈ ਤੇ ਬਿਨਾਂ ਵਸੂਲੀ ਦੇ ਪ੍ਰਭਾਵਿਤ ਕਿਸਾਨਾਂ ਨੂੰ ਕਰਜ਼ਾ ਨਹੀਂ ਦਿੱਤਾ ਜਾ ਰਿਹਾ, ਜਿਸ ਕਰ ਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦਿੰਦਿਆਂ ਪੰਜਾਬ ਸਰਕਾਰ ਵਲੋਂ 1 ਅਕਤੂਬਰ 2025 ਨੂੰ ਦਫ਼ਤਰ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਚੰਡੀਗੜ੍ਹ ਵਲੋਂ ਇਕ ਪੱਤਰ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਸੀ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪਿਛਲੀ ਫ਼ਸਲ ਦੀ ਰਿਕਵਰੀ ਲਏ ਬਿਨਾਂ ਖੇਤੀਬਾੜੀ ਲਈ ਹੋਰ ਕਰਜ਼ਾ ਬਣੀ ਲਿਮਟ ਦੇ ਬਰਾਬਰ ਦੇਣ ਲਈ ਜਾਰੀ ਕੀਤਾ ਗਿਆ ਸੀ, ਪਰ ਦੋ ਮਹੀਨੇ ਬੀਤਣ ਉਪਰੰਤ ਵੀ ਅਜੇ ਤੱਕ ਸਬੰਧਤ ਅਧਿਕਾਰੀਆਂ ਵਲੋਂ ਸਰਕਾਰ ਦੇ ਇਸ ਪੱਤਰ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਤੇ ਅਜੇ ਤੱਕ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸੇ ਵੀ ਕਿਸਾਨ ਨੂੰ ਵਸੂਲੀ ਲਏ ਬਿਨਾਂ ਹੋਰ ਕਰਜ਼ਾ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਅਠਵਾਲ ਅਧੀਨ ਹੜ੍ਹ ਪ੍ਰਭਾਵਿਤ 11 ਪਿੰਡ ਪੈਂਦੇ ਹਨ, ਪਰ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਸਹਿਕਾਰੀ ਬੈਂਕ ਦੀ ਬ੍ਰਾਂਚ ਕੋਟਲੀ ਸੂਰਤ ਮੱਲ੍ਹੀ ਵਲੋਂ ਇਸ ਪੱਤਰ ਅਧੀਨ ਕਰਜ਼ਾ ਨਹੀਂ ਜਾਰੀ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਇਸ ਸਮੱਸਿਆ ਨੂੰ ਉਨ੍ਹਾਂ ਸਹਿਕਾਰੀ ਬਾੈਕ ਦੇ ਜ਼ਿਲ੍ਹਾ ਅਧਿਕਾਰੀ ਦੇ ਧਿਆਨ ਵਿਚ ਵੀ ਲਿਆਂਦਾ ਹੈ, ਪਰ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਬਹੁਮੰਤਵੀ ਸਹਿਕਾਰੀ ਸਭਾ ਅਠਵਾਲ ਦੇ ਸਕੱਤਰ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਬੰਧੀ ਯੋਗ ਰਿਕਾਰਡ ਪਿੰਡ ਅਨੁਸਾਰ ਬੈਂਕ ਬ੍ਰਾਂਚ ਨੂੰ ਸਮੇਂ ਸਿਰ ਮੁਹੱਈਆ ਕਰਵਾਇਆ ਦਿੱਤਾ ਸੀ, ਪਰ ਦੋ ਮਹੀਨੇ ਬੀਤਣ ਤੇ ਅਜੇ ਤੱਕ ਕਿਸਾਨਾਂ ਨੂੰ ਐਡਵਾਂਸ ਨਹੀਂ ਕੀਤਾ ਜਾ ਰਿਹਾ | ਇਸ ਮੌਕੇ ਕਿਸਾਨ ਭੁਪਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਦਬੁਰਜੀ ਨੇ ਦੱਸਿਆ ਕਿ ਉਹ 27600 ਰੁਪਏ ਦਾ ਚੈੱਕ ਸਕੱਤਰ ਸਭਾ ਤੋਂ ਭਰਵਾ ਕੇ ਦੋ ਦਿਨਾਂ ਤੋਂ ਬੈਂਕ ਦੇ ਚੱਕਰ ਕੱਟ ਰਿਹਾ ਹਾਂ, ਪਰ ਉਸ ਨੂੰ ਰਕਮ ਨਹੀਂ ਜਾਰੀ ਕੀਤੀ ਜਾ ਰਹੀ | ਇਸ ਸਬੰਧੀ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਸ਼ਾਖਾ ਦਾ ਇਹ ਸਿਸਟਮ ਨਹੀਂ ਚੱਲ ਰਿਹਾ, ਜਦੋਂ ਕਿ ਜ਼ਿਲ੍ਹਾ ਅਧਿਕਾਰੀ ਹਰਿੰਦਰ ਸਿੰਘ ਨੇ ਕਿਹਾ ਕਿ ਸ਼ਾਖਾ ਦਾ ਸਿਸਟਮ ਬਦਲੀ ਹੋਇਆ ਹੈ ਤੇ ਉਹ ਜਲਦੀ ਇਹ ਸਿਸਟਮ ਚਾਲੂ ਕਰਵਾ ਰਹੇ ਹਨ |