ਗੁਰਦਾਸਪੁਰ, 7 ਦਸੰਬਰ (ਚੱਕਰਾਜਾ)- ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਹਿਤ ਹਥਿਆਰਬੰਦ ਝੰਡਾ ਦਿਵਸ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਕੰਪਲੈਕਸ ਵਿਚ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਉੱਪਲ ਨੂੰ ਝੰਡਾ ਫਲੈਗ ਲੈਪਲ ਪਿੰਨਿੰਗ ਕਰਕੇ ਕੀਤੀ ਗਈ | ਇਸ ਸਬੰਧੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ (ਸੇਵਾ ਮੁਕਤ) ਅਫ਼ਸਰ ਗੁਰਦਾਸਪੁਰ ਕਮਾਂਡਰ ਬਲਜਿੰਦਰ ਵਿਰਕ ਨੇ ਦੱਸਿਆ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੂਸਰੇ ਵਿਸ਼ਵ ਯੁੱਧ ਤੋਂ ਲੈ ਕੇ ਕਾਰਗਿਲ ਯੁੱਧ ਤੇ ਹੁਣ ਤੱਕ ਦੇਸ਼ ਦੇ ਸੈਨਿਕਾਂ ਨੇ ਕਾਫ਼ੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ | ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਦੱਸਿਆ ਕਿ ਇਹ ਦਿਨ ਹਰ ਨਾਗਰਿਕ ਨੂੰ ਬਹਾਦਰ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ | ਇਸ ਮੰਤਵ ਹਿਤ ਦਫ਼ਤਰ ਵੱਲੋਂ ਆਮ ਪਬਲਿਕ ਤੋਂ ਫ਼ੰਡ ਇਕੱਠਾ ਕੀਤਾ ਜਾਂਦਾ ਹੈ ਜੋ ਸੈਨਿਕ ਵੱਖ-ਵੱਖ ਜੰਗਾਂ ਵਿੱਚ ਸ਼ਹੀਦ ਹੋ ਗਏ ਹਨ ਤੇ ਆਪਣੇ ਪਿੱਛੇ ਅਨਾਥ ਪਰਿਵਾਰ ਛੱਡ ਗਏ ਜਾਂ ਅਪੰਗ ਹੋ ਗਏ ਅਤੇ ਰੋਜ਼ੀ ਰੋਟੀ ਕਮਾਉਣ ਤੋਂ ਅਸਮਰਥ ਹਨ, ਨੂੰ ਸਹਾਇਤਾ ਵਜੋਂ ਨਿਯਮਾਂ ਅਨੁਸਾਰ ਇਸ ਫ਼ੰਡ ਵਿਚੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸੈਨਿਕਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ |