ਬਟਾਲਾ, 19 ਦਸੰਬਰ (ਹਰਦੇਵ ਸਿੰਘ ਸੰਧੂ)- ਪਿਛਲੇ ਦਿਨੀਂ ਡੇਰਾ ਰੋਡ 'ਤੇ ਇਕ ਕਰਿਆਨੇ ਦੀ ਦੁਕਾਨ 'ਤੇ ਗੋਲੀ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ | ਇਸ ਬਾਰੇ ਡੀ.ਐੱਸ.ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਵਲੋਂ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਬਟਾਲਾ ਪੁਲਿਸ ਵਲੋਂ ਐੱਸ.ਐੱਸ.ਪੀ. ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਪੀ. ਜਾਂਚ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੀ.ਆਈ.ਏ. ਸੁਖਰਾਜ ਸਿੰਘ ਤੇ ਮੁੱਖ ਅਫ਼ਸਰ ਥਾਣਾ ਸਿਟੀ ਸੁਖਜਿੰਦਰ ਸਿੰਘ ਵਲੋਂ ਖੂਫ਼ੀਆ ਸਰੋਤਾਂ ਨਾਲ ਰਮੇਸ਼ ਕਰਿਆਨਾ ਡੇਰਾ ਰੋਡ ਪਾਸੋਂ ਫਿਰੌਤੀ ਮੰਗਣ ਤੇ ਉਸ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਨੂੰ 24 ਘੰਟਿਆਂ ਅੰਦਰ ਲੱਭ ਕੇ ਅੰਮਿ੍ਤਸਰ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ | ਡੀ.ਐੱਸ.ਪੀ. ਨੇ ਦੱਸਿਆ ਕਿ ਬੀਤੀ 8 ਦਸੰਬਰ ਨੂੰ ਰਮੇਸ਼ ਕੁਮਾਰ ਐਂਡ ਸੰਨਜ਼ ਡੇਰਾ ਰੋਡ ਬਟਾਲਾ ਨੂੰ ਇਕ ਵਿਦੇਸ਼ ਨੰਬਰ ਤੋਂ ਵਟਸਅਪ 'ਤੇ ਗੈਂਗਸਟਰ ਵਲੋਂ 30 ਲੱਖ ਦੀ ਫਿਰੌਤੀ ਮੰਗਣ ਸਬੰਧੀ ਧਮਕੀ ਭਰੀ ਕਾਲ ਆਈ ਸੀ ਜਿਸ 'ਤੇ 16 ਦਸੰਬਰ ਨੂੰ ਰਮੇਸ਼ ਕੁਮਾਰ ਦੀ ਦੁਕਾਨ 'ਤੇ ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਮਾਰੀਆਂ ਸਨ, ਜਿਸ ਤਹਿਤ ਦੁਕਾਨਦਾਰ ਦੇ ਬਿਆਨਾਂ 'ਤੇ ਥਾਣਾ ਸਿਟੀ 'ਚ ਮਾਮਲਾ ਦਰਜ ਕੀਤਾ ਗਿਆ ਸੀ | ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਹਿਚਾਣ ਕਰ ਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਸ ਦੀ ਪਹਿਚਾਣ ਗੁਰਸਾਹਿਬ ਸਿੰਘ ਉਰਫ਼ ਗੁਰੀ ਵਾਸੀ ਮੱਲਿਆਂਵਾਲ ਵਜੋਂ ਹੋਈ | ਗਿ੍ਫ਼ਤਾਰ ਕੀਤੇ ਵਿਅਕਤੀ ਗੁਰਸਾਹਿਬ ਸਿੰਘ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਅੱਗੇ ਪੁੱਛਗਿਛ ਜਾਰੀ ਹੈ |