ਬਟਾਲਾ, 20 ਦਸੰਬਰ (ਰਾਕੇਸ਼ ਰੇਖੀ)- ਡੇਰਾ ਬਾਬਾ ਨਾਨਕ ਨੇੜੇ ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਦੀ ਖੇਪ ਲੈਣ ਪਹੁੰਚੇ 2 ਨੌਜਵਾਨਾਂ ਨੂੰ ਸਰਹੱਦ 'ਤੇ ਚੌਕਸ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿ ਸਰਹੱਦ ਦੇ ਨਾਲ ਲਗਦੇ ਪਿੰਡ ਗੌਲਾ-ਢੌਲਾ ਨੇੜੇ ਬੀ.ਐਸ.ਐਫ. ਦੇ ਅਧਿਕਾਰੀਆਂ ਵਲੋਂ ਸ਼ੱਕੀ ਹਾਲਾਤ ਵਿਚ ਸਰਹੱਦੀ ਇਲਾਕੇ ਵਿਚ ਘੁੰਮ ਰਹੇ ਕਾਰ ਸਵਾਰ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ | ਸੂਚਨਾ ਮਿਲਣ 'ਤੇ ਪੁਲਿਸ ਬਾਰਡਰ ਆਊਟ ਪੋਸਟ ਡੇਰਾ ਰੋਡ 'ਤੇ ਪਹੁੰਚੀ ਜਿੱਥੇ ਕੰਪਨੀ ਕਮਾਂਡਰ 113 ਬਟਾਲੀਅਨ ਬੀ.ਐਸ.ਐਫ. ਪੀ.ਜੇ. ਮੇਖ ਨੇ ਕਾਬੂ ਕੀਤੇ ਦੋਵਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ | ਉਨ੍ਹਾਂ ਦੀ ਪਹਿਚਾਣ ਅਰਮਾਨਪ੍ਰੀਤ ਸਿੰਘ ਵਾਸੀ ਮੀਰਕਚਾਨਾਂ, ਸ਼ਿਵਾ ਗਿੱਲ ਵਾਸੀ ਵਡਾਲਾ ਬਾਂਗਰ ਦੇ ਤੌਰ 'ਤੇ ਕੀਤੀ ਗਈ | ਪੁੱਛਗਿੱਛ ਦੌਰਾਨ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੋਵੇਂ ਪ੍ਰਭਦੀਪ ਸਿੰਘ ਬਾਜਵਾ ਉਰਫ ਸੋਨੀ ਵਾਸੀ ਮੀਰਕਚਾਨਾਂ ਲਈ ਕੰਮ ਕਰਦੇ ਹਨ | ਪ੍ਰਭਦੀਪ ਸਿੰਘ ਦੁਬਈ ਵਿੱਚ ਰਹਿ ਰਿਹਾ ਹੈ | ਉਸ ਨੇ ਵੱਟਸਐਪ ਰਾਹੀਂ ਉਕਤ ਸਰਹੱਦੀ ਇਲਾਕੇ ਦੀ ਲੋਕੇਸ਼ਨ ਭੇਜ ਕੇ ਪਾਕਿਸਤਾਨ ਵਲੋਂ ਆਉਣ ਵਾਲੀ ਹੈਰੋਇਨ ਦੀ ਖੇਪ ਹਾਸਲ ਕਰਨ ਲਈ ਕਿਹਾ ਸੀ | ਉਹ ਹੈਰੋਇਨ ਦੀ ਖੇਪ ਲੈਣ ਲਈ ਆਏ ਸਨ ਪਰ ਬੀ.ਐਸ.ਐਫ. ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਪੁਲਿਸ ਨੇ ਉਨ੍ਹਾਂ ਤੋਂ 1 ਵਰਨਾ ਕਾਰ, 2 ਮੋਬਾਈਲ ਫੋਨ ਬਰਾਮਦ ਕੀਤੇ ਹਨ |