ਗੁਰਦਾਸਪੁਰ, 20 ਦਸੰਬਰ (ਪੰਕਜ ਸ਼ਰਮਾ)- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਅਤੇ ਡਾ: ਬੀ.ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ ਜਲੰਧਰ ਨੇ ਅਧਿਆਪਨ, ਖੋਜ ਤੇ ਨਵੀਨਤਾ ਦੇ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਅਕਾਦਮਿਕ ਸਹਿਯੋਗ ਸਥਾਪਤ ਕਰਨ ਲਈ ਇਕ ਸਮਝੌਤਾ ਪੱਤਰ (ਐਮ.ਓ.ਯੂ) 'ਤੇ ਹਸਤਾਖ਼ਰ ਕੀਤੇ | ਇਸ ਸਮਝੌਤੇ 'ਤੇ ਡਾ: ਐਸ.ਕੇ. ਮਿਸ਼ਰਾ ਵਾਈਸ ਚਾਂਸਲਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਤੇ ਡਾ: ਵਿਨੋਦ ਕੁਮਾਰ ਕਨੌਜੀਆ ਡਾਇਰੈਕਟਰ ਡਾ: ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਜਲੰਧਰ ਨੇ ਹਸਤਾਖ਼ਰ ਕੀਤੇ | ਇਹ ਦੋਵਾਂ ਸੰਸਥਾਵਾਂ ਵਿਚਕਾਰ ਅੰਤਰ-ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਮੀਲ ਪੱਥਰ ਹੈ | ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਲੋਂ ਡਾ: ਅਰਵਿੰਦ ਕੁਮਾਰ ਡੀਨ, ਕਾਰਪੋਰੇਟ ਤੇ ਪਾਰਟਨਰ ਰਿਲੇਸ਼ਨਜ਼ ਤੇ ਡਾ: ਸਰਵਜੀਤ ਸਿੰਘ ਸਿੱਧੂ ਡੀਨ, ਖੋਜ ਤੇ ਸਲਾਹਕਾਰ ਵੀ ਮੌਜੂਦ ਸਨ | ਡਾ: ਰੋਹਿਤ ਮਹਿਰਾ, ਡੀਨ ਖੋਜ ਤੇ ਸਲਾਹਕਾਰ, ਡਾ: ਰਮਨ ਬੇਦੀ, ਡੀਨ, ਅਕਾਦਮਿਕ ਤੇ ਡਾਂ ਅਜੇ ਬਾਂਸਲ, ਰਜਿਸਟਰਾਰ ਡਾ: ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਜਲੰਧਰ ਵੀ ਸ਼ਾਮਲਿ ਹੋਏ | ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਫੈਕਲਟੀ ਵਿਕਾਸ ਪ੍ਰੋਗਰਾਮਾਂ, ਫੈਕਲਟੀ ਤੇ ਵਿਦਿਆਰਥੀ ਆਦਾਨ-ਪ੍ਰਦਾਨ, ਸਾਂਝੇ ਖੋਜ ਪ੍ਰੋਜੈਕਟਾਂ ਤੇ ਸਰੋਤਾਂ ਦੀ ਸਾਂਝੀ ਵਰਤੋਂ ਤੇ ਉੱਨਤ ਖੋਜ ਸਹੂਲਤਾਂ ਨੂੰ ਉਤਸ਼ਾਹਿਤ ਕਰਨਗੀਆਂ | ਇਸ ਸਾਂਝੇਦਾਰੀ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਖੋਜ ਦੀ ਗੁਣਵੱਤਾ ਤੇ ਮਾਤਰਾ ਨੂੰ ਵਧਾਉਣਾ ਤੇ ਵਿਦਿਆਰਥੀਆਂ ਤੇ ਫੈਕਲਟੀ ਲਈ ਵਿਆਪਕ ਵਿੱਦਿਅਕ ਅਨੁਭਵ ਪ੍ਰਦਾਨ ਕਰਨਾ ਹੈ | ਸਮਝੌਤੇ ਦੀ ਇਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਐਨ.ਆਈ.ਟੀ. ਜਲੰਧਰ ਸਥਾਪਿਤ ਨਿਯਮਾਂ ਤੇ ਨਿਯਮਾਂ ਦੇ ਅਧੀਨ 7.5 ਤੋਂ ਵੱਧ ਸੀ.ਜੀ.ਪੀ.ਏ. ਵਾਲੇ ਯੋਗ ਐਸ.ਬੀ.ਐੱਸ.ਐਸ.ਯੂ. ਗੁਰਦਾਸਪੁਰ ਵਿਦਿਆਰਥੀਆਂ ਲਈ ਐਮ.ਟੈੱਕ ਤੇ ਪੀ.ਐਚ.ਡੀ. ਪ੍ਰੋਗਰਾਮਾਂ 'ਚ ਸਿੱਧਾ ਦਾਖਲਾ ਪ੍ਰਦਾਨ ਕਰੇਗਾ | ਇਹ ਪਹਿਲਕਦਮੀ ਹੋਣਹਾਰ ਵਿਦਿਆਰਥੀਆਂ ਨੂੰ ਇਕ ਵਕਾਰੀ ਰਾਸ਼ਟਰੀ ਸੰਸਥਾ ਵਿਚ ਉੱਚ ਪੜ੍ਹਾਈ ਤੇ ਖੋਜ ਲਈ ਨਵੇਂ ਮੌਕੇ ਪ੍ਰਦਾਨ ਕਰੇਗੀ |