ਗੁਰਦਾਸਪੁਰ, 20 ਦਸੰਬਰ (ਚੱਕਰਾਜਾ)- ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪੂਰੇ ਪੰਜਾਬ ਦੇ ਸਕੂਲ ਆਫ ਐਮੀਨੈਂਸ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਮੈਗਾ ਵਿੰਟਰ ਕੈਂਪਸ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਸੰਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪਹਿਲਾ ਵਿੰਟਰ ਕੈਂਪ 10+2 ਜਮਾਤ ਵਿਚ ਪੜ੍ਹਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਹੈ ਜੋ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ ਤੇ ਦੂਸਰਾ ਵਿੰਟਰ ਕੈਂਪ 10+1 ਜਮਾਤ ਵਿਚ ਪੜ੍ਹਦੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਲਈ ਹੈ ਜੋ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ | ਇਨ੍ਹਾਂ ਵਿੰਟਰ ਕੈਂਪਸ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੰਪੀਟੀਟਿਵ ਇਮਤਿਹਾਨਾਂ ਜਿਨ੍ਹਾਂ ਵਿਚ ਜੇ.ਈ.ਈ. ਤੇ ਨੀਟ ਆਦਿ ਲਈ ਤਿਆਰ ਕਰਨਾ ਹੈ | ਇਸੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਦੇ ਨਿਰਦੇਸ਼ਾਂ ਅਨੁਸਾਰ ਜ਼ਿਲੇ੍ਹ ਦੇ ਕੁੱਲ 3 ਸਕੂਲ ਆਫ ਐਮੀਨੈਂਸ ਬਟਾਲਾ, ਗੁਰਦਾਸਪੁਰ ਤੇ ਸ੍ਰੀਹਰਗੋਬਿੰਦਪੁਰ ਸਾਹਿਬ ਦੇ 16 ਵਿਦਿਆਰਥੀਆਂ ਨੂੰ ਬਠਿੰਡਾ ਤੇ 20 ਵਿਦਿਆਰਥੀਆਂ ਨੂੰ ਲੁਧਿਆਣਾ ਲਈ ਜ਼ਿਲ੍ਹਾ ਨੋਡਲ ਅਫ਼ਸਰ ਪੁਰੇਵਾਲ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ | ਸ.ਪੁਰੇਵਾਲ ਨੇ ਦੱਸਿਆ ਕਿ ਇਹ ਦੋਨੋਂ ਕੈਂਪ 31 ਦਸੰਬਰ ਤੱਕ 15 ਦਿਨਾਂ ਲਈ ਹੋਣਗੇ ਜਿਸ ਵਿਚ ਵਿਦਿਆਰਥੀਆਂ ਦੇ ਰਹਿਣ ਸਹਿਣ, ਖਾਣ ਪੀਣ ਤੇ ਟਰਾਂਸਪੋਰਟ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਤੇ ਨਾਮਵਾਰ ਸੰਸਥਾਵਾਂ ਦੇ ਫੈਕਲਟੀਜ ਵਲੋਂ ਜੇ.ਈ.ਈ/ਨੀਟ ਦੀ ਕੋਚਿੰਗ ਦਿੱਤੀ ਜਾਵੇਗੀ ਤੇ ਇਹ ਵਿਦਿਆਰਥੀ ਆਉਣ ਵਾਲੇ ਦਿਨਾਂ ਵਿਚ ਟੈੱਸਟ ਪਾਸ ਕਰਕੇ ਉੱਚ ਕੋਟੀ ਸੰਸਥਾਵਾਂ 'ਚ ਦਾਖਲਾ ਲੈਣਗੇ | ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਪਰਮਜੀਤ ਵਲੋਂ ਸਮੂਹ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਕੈਂਪ ਵਿਚ ਹਿੱਸਾ ਲੈਣ ਲਈ ਸੁਚੇਤ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਸੰਜੀਵ ਢੀਂਗਰਾ, ਜਸਬੀਰ ਕੌਰ, ਹਰਭਿੰਦਰ ਕੌਰ, ਰਾਜੇਸ਼ ਕੁਮਾਰ, ਸਰਬਜੀਤ ਕੌਰ, ਹਰਵਿੰਦਰ ਸਿੰਗ, ਸੁਖਜਿੰਦਰ ਸਿੰਘ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ |