ਗੁਰਦਾਸਪੁਰ, 20 ਦਸੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਵਣ ਵਿਭਾਗ ਗੁਰਦਾਸਪੁਰ ਵਲੋਂ 65 ਦੇ ਕਰੀਬ ਸੁੱਕੇ ਰੁੱਖਾਂ ਦੀਆਂ ਨਿਲਾਮੀ ਕਰਵਾਉਣ ਤੋਂ ਬਾਅਦ ਕਟਾਈ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਪਿੰਡ ਚਾਵਾ ਦੇ ਸਾਬਕਾ ਸਰਪੰਚ ਪ੍ਰੇਮ ਲਾਲ, ਸਾਬਕਾ ਸਰਪੰਚ ਬਲਦੇਵ ਰਾਜ, ਠਾਕੁਰ ਅਸ਼ਵਨੀ ਕੁਮਾਰ, ਠਾਕੁਰ ਪ੍ਰੀਤਮ ਸਿੰਘ, ਸੋਮਰਾਜ ਅਤੇ ਰਾਜੂ ਪਠਾਨੀਆਂ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਮੁੱਖ ਸੜਕ 'ਤੇ ਲਗਪਗ ਇਕ ਦਹਾਕੇ ਤੋਂ ਸੁੱਕੇ ਰੁੱਖ ਖੜੇ ਸਨ ਜੋ ਮੀਂਹ ਹਨੇਰੀ ਵਿਚ ਲੋਕਾਂ ਦਾ ਭਾਰੀ ਨੁਕਸਾਨ ਕਰਦੇ ਸਨ | ਹੁਣ ਸੁੱਕੇ ਰੁੱਖਾਂ ਦੀ ਕਟਾਈ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਪਿੰਡ ਚਾਵਾ ਨੇੜੇ ਇਕ 100 ਸਾਲ ਪੁਰਾਣੀ ਟਾਹਲੀ ਸੀ ਜੋ ਸੁੱਕ ਕੇ ਖ਼ਰਾਬ ਹੋ ਚੁੱਕੀ ਸੀ ਤੇ ਜਦੋਂ ਉਸ ਦੀ ਕਟਾਈ ਕੀਤੀ ਗਈ ਤਾਂ ਟਾਹਲੀ ਸਾਰੀ ਸਾਫ਼ ਸੁਥਰੀ ਕਾਲੀ ਨਿਕਲੀ ਤੇ ਅਨੁਮਾਨ ਮੁਤਾਬਿਕ ਉਕਤ ਟਾਹਲੀ ਦੀ ਲੱਕੜ ਕਾਫ਼ੀ ਮਹਿੰਗੀ ਨਿਕਲਣ ਦੀ ਸੰਭਾਵਨਾ ਹੈ | ਇਸੇ ਤਰ੍ਹਾਂ ਕਿੱਕਰ, ਸਫ਼ੈਦੇ ਵੀ ਕਾਫੀ ਪੁਰਾਣੇ ਸਨ, ਉਹ ਵੀ ਕਾਫੀ ਕੀਮਤੀ ਦੱਸੇ ਜਾ ਰਹੇ ਹਨ | ਜਦੋਂ ਇਨ੍ਹਾਂ ਦਰਖਤਾਂ ਦੀ ਨਿਲਾਮੀ ਬਾਰੇ ਵਣ ਰੇਂਜ ਅਫ਼ਸਰ ਗੁਰਦਾਸਪੁਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੋਬਾਈਲ ਨਹੀਂ ਚੁੱਕਿਆ |