ਗੁਰਦਾਸਪੁਰ, 20 ਦਸੰਬਰ (ਚੱਕਰਾਜਾ)- ਜ਼ਿਲ੍ਹਾ ਟਰੈਫ਼ਿਕ ਪੁਲਿਸ ਵਲੋਂ ਇਕ ਸੈਮੀਨਾਰ ਬਟਾਲਾ ਰੋਡ ਮਿੰਨੀ ਆਟੋ ਟੈਕਸੀ ਸਟੈਂਡ ਵਿਖੇ ਲਗਾਇਆ ਗਿਆ ਜਿਸ ਵਿਚ ਆਮ ਪਬਲਿਕ ਤੇ ਡਰਾਈਵਰਾਂ ਨੂੰ ਸ਼ਾਮਿਲ ਕਰਕੇ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ | ਏ.ਐਸ.ਆਈ. ਅਮਨਦੀਪ ਸਿੰਘ ਵਲੋਂ ਡਰਾਈਵਰ ਲਾਇਸੈਂਸ ਦੀ ਅਹਿਮੀਅਤ, ਧੁੰਦ ਦੇ ਮੌਸਮ ਵਿਚ ਡਰਾਈਵਿੰਗ ਕਰਦੇ ਸਮੇਂ ਸਾਵਧਾਨੀਆਂ ਵਰਤਣ, ਹੌਲੀ ਰਫ਼ਤਾਰ ਨਾਲ ਗੱਡੀਆਂ ਚਲਾਉਣ, ਲਾਈਟਾਂ ਹਮੇਸ਼ਾ ਲੋਅ ਬੀਮ ਮੋਡ ਰੱਖਣ, ਬਲਿੰਕ ਚਾਲੂ ਰੱਖਣ, ਸੜਕਾਂ 'ਤੇ ਲੱਗੇ ਸਾਈਨ ਬੋਰਡ ਤੇ ਰੋਡ ਲਾਈਨ ਦੀ ਸਹਾਇਤਾ ਲੈਣ, ਨਸ਼ਾ ਕਰਕੇ ਡਰਾਈਵਿੰਗ ਨਾ ਕਰਨ, ਆਪਣੇ ਵਾਹਨਾਂ ਉੱਪਰ ਰਿਫ਼ਲੈਕਟਰ ਜਾਂ ਯੈਲੋ ਟੇਪ ਲਗਾਉਣ ਅਤੇ ਹਾਦਸਾ ਪੀੜਤ ਦੀ ਮਦਦ ਵਾਸਤੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਹੈਲਪ ਲਾਈਨ ਨੰਬਰ 112, 1033, 1930 ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਏ.ਐਸ.ਆਈ. ਅਮਨਦੀਪ ਸਿੰਘ, ਹਰਦੀਪ ਸਿੰਘ ਤੇ ਸੁਰਜੀਤ ਸਿੰਘ ਜਸ ਆਦਿ ਨੇ ਹਿੱਸਾ ਲਿਆ |