ਵਡਾਲਾ ਗ੍ਰੰਥੀਆਂ, 20 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਵਿਚ ਮਾਪੇ-ਅਧਿਆਪਕ ਮਿਲਣੀ ਪਿ੍ੰਸੀਪਲ ਸ੍ਰੀ ਰਾਮ ਲਾਲ ਦੀ ਅਗਵਾਈ ਹੇਠ ਕਰਵਾਈ ਗਈ | ਇਸ ਮੌਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ | ਵੱਡੀ ਗਿਣਤੀ ਵਿਚ ਮਾਪਿਆਂ ਨੇ ਸਕੂਲ ਪਹੁੰਚ ਕੇ ਅਧਿਆਪਕਾਂ ਨਾਲ ਆਪਣੇ ਬੱਚਿਆਂ ਦੀ ਪੜ੍ਹਾਈ, ਅਨੁਸ਼ਾਸਨ ਤੇ ਭਵਿੱਖੀ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ | ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਸ਼ੇਸ਼ ਤੌਰ 'ਤੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਿੱਤਰਪਾਲ ਸਿੰਘ ਦੌਲਤਪੁਰ, ਸਰਪੰਚ ਕਰਨੈਲ ਸਿੰਘ ਵਡਾਲਾ ਗ੍ਰੰਥੀਆਂ, ਸਰਪੰਚ ਬਲਜਿੰਦਰ ਸਿੰਘ ਧੰਨੇ, ਸਰਪੰਚ ਸਰਵਣ ਸਿੰਘ ਥਿੰਦ ਧਾਰੀਵਾਲ, ਸਰਪੰਚ ਤਰਸੇਮ ਸਿੰਘ ਲੀਲ ਖੁਰਦ ਤੇ ਸਰਪੰਚ ਸਰਬਜੀਤ ਸਿੰਘ ਚੀਮਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਆਈਆਂ ਸ਼ਖ਼ਸੀਅਤਾਂ ਨੇ ਸਕੂਲ ਵਿਚ ਹੋ ਰਹੇ ਬਹੁਪੱਖੀ ਵਿਕਾਸ ਕਾਰਜਾਂ ਤੇ ਵਿਦਿਆਰਥੀਆਂ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ | ਪਿ੍ੰਸੀਪਲ ਸ੍ਰੀ ਰਾਮ ਲਾਲ ਵਲੋਂ ਸਾਰੀਆਂ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਿੱਤਰਪਾਲ ਸਿੰਘ ਦੌਲਤਪੁਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਪਿ੍ੰਸੀਪਲ ਰਾਮ ਲਾਲ ਨੇ ਸਰਪੰਚਾਂ ਤੇ ਪੰਚਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ 'ਤੇ ਸਕੂਲ ਆ ਕੇ ਸਕੂਲ ਦੀ ਬਿਹਤਰੀ, ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਾਂਝੇ ਉਪਰਾਲੇ ਕਰਨ |