ਘਰੋਟਾ, 21 ਦਸੰਬਰ (ਸੰਜੀਵ ਗੁਪਤਾ)- ਕੈਪਟਨ ਗੁਰਬਚਨ ਸਿੰਘ ਸਲਾਰੀਆ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਮੈਗਾ ਪੀ.ਟੀ.ਐਮ 'ਚ ਸਕੂਲ ਇੰਚਾਰਜ ਸਟੇਟ ਐਵਾਰਡੀ ਸਿਧਾਰਥ ਚੰਦਰ ਦੀ ਦੇਖ-ਰੇਖ ਹੇਠ ਅਧਿਆਪਕ ਮਾਪੇ ਮੀਟਿੰਗ ਸਫਲਤਾ ਪੂਰਵਕ ਹੋਈ | ਮੀਟਿੰਗ ਵਿਚ ਬਲਾਕ ਸੰਮਤੀ ਘਰੋਟਾ ਦੇ ਨਵ-ਨਿਯੁਕਤ ਮੈਂਬਰ ਬਲਜੀਤ ਸਿੰਘ ਮੁੱਖ ਮਹਿਮਾਨ ਤੇ ਬਲਾਕ ਨੋਡਲ ਅਫ਼ਸਰ ਪੰਕਜ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਪਹੰੁਚਣ 'ਤੇ ਐੱਸ.ਐੱਮ.ਸੀ. ਕਮੇਟੀ ਦੇ ਚੇਅਰਮੈਨ ਸੂਬੇਦਾਰ ਪਵਨ ਸਿੰਘ, ਵਾਇਸ ਚੈਅਰਪਰਸਨ ਨੇਹਾ ਦੇਵੀ, ਸਕੂਲ ਇੰਚਾਰਜ ਸਿਧਾਰਥ ਚੰਦਰ ਤੇ ਸਮੁੱਚੇ ਸਟਾਫ਼ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਅਧਿਆਪਕਾਂ ਵਲੋਂ ਵਿਦਿਆਰਥੀਆਂ ਦਾ ਸਮੁੱਚਾ ਰਿਪੋਰਟ ਕਾਰਡ ਮਾਪਿਆਂ ਨਾਲ ਸਾਂਝਾ ਕੀਤਾ ਗਿਆ | ਇਸ ਮੌਕੇ ਮਾਸਟਰ ਰੀਸੋਰਸਪਰਸਨ ਸੁਭਾਸ਼ ਸਿੰਘ, ਮੈਡਮ ਰੰਜਨਾ, ਹਿਮਾਨੀ, ਕੁਲਵਿੰਦਰ, ਅਕਵਿੰਦਰ ਵਲੋਂ ਮਾਪਿਆਂ ਨੂੰ ਬੱਚੇ ਦਾ ਮਨੋਬਲ ਉੱਚਾ ਚੁੱਕਣ ਦੇ ਨਵੇਂ ਤਰੀਕਿਆਂ ਨਾਲ ਟ੍ਰੇਨਿੰਗ ਕਰਵਾਈ ਗਈ | ਇਸ ਤੋਂ ਇਲਾਵਾ ਮੈਡਮ ਪੂਨਮ, ਕੁਲਦੀਪ ਰਾਜ ਵਲੋਂ ਮਾਪਿਆਂ ਨੂੰ ਆਪਣੇ ਬੱਚੇ ਵੱਲ ਪੂਰੀ ਨਿਗਰਾਨੀ ਰੱਖਣ ਲਈ ਮੋਬਾਈਲ ਦਾ ਘੱਟ ਉਪਯੋਗ ਕਰਨ ਤੇ ਹਰ ਰੋਜ਼ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ | ਸਕੂਲ ਇੰਚਾਰਜ ਸਿਧਾਰਥ ਚੰਦਰ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਸਕੂਲ ਤੇ ਮਾਪਿਆਂ ਵਿਚਕਾਰ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ ਤੇ ਬੱਚਿਆਂ ਦੇ ਉਜਲੇ ਭਵਿੱਖ ਲਈ ਸਾਂਝੇ ਉਪਰਾਲਿਆਂ ਨੂੰ ਪ੍ਰੇਰਿਤ ਕਰਦੀਆਂ ਹਨ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਵਿਚ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਸਕੂਲ ਨੂੰ ਪੂਰਾ ਸਹਿਯੋਗ ਦੇਣ ਤੇ ਮੀਟਿੰਗ ਵਿਚ ਸਤ ਪ੍ਰਤੀਸ਼ਤ ਹਾਜ਼ਰੀ ਦੇਣ ਵਾਲੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ |