ਬਟਾਲਾ, 25 ਦਸੰਬਰ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ 'ਚ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਨਰਿੰਦਰ ਸਿੰਘ ਮਿੱਠੂ ਭਰਥ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਤੇ ਉਨ੍ਹਾਂ ਦੀ ਪਤਨੀ ਸੁਖਦੀਪ ਕੌਰ ਦੇ ਬਲਾਕ ਸੰਮਤੀ ਮੈਂਬਰ ਬਣਨ ਦੀਆਂ ਚਰਚਾਵਾਂ ਪੂਰੇ ਜ਼ਿਲ੍ਹੇ ਵਿਚ ਚੱਲ ਰਹੀਆਂ ਹਨ | ਜ਼ਿਲ੍ਹੇ ਵਿਚ ਹੀ ਨਹੀਂ, ਸਗੋਂ ਪੰਜਾਬ 'ਚ ਅਜਿਹੀ ਚੋਣ ਸਾਹਮਣੇ ਨਹੀਂ ਆਈ ਜਿੱਥੇ ਪਤੀ-ਪਤਨੀ ਚੋਣ ਜਿੱਤੇ ਹੋਣ | ਇਸ ਚੋਣ ਜਿੱਤਣ ਤੋਂ ਬਾਅਦ ਨਰਿੰਦਰ ਸਿੰਘ ਮਿੱਠੂ ਭਰਥ ਦਾ ਸਿਆਸੀ ਕੱਦ ਹੋਰ ਵੀ ਉੱਚਾ ਹੋ ਗਿਆ ਹੈ | ਮਿੱਠੂ ਭਰਥ ਦੀ ਆਮ ਆਦਮੀ ਪਾਰਟੀ 'ਚ ਕੀਤੀ ਸਖਤ ਮਿਹਨਤ ਅਤੇ ਲੋਕਾਂ ਵਿਚ ਮਿਲਵਰਤਨ ਕਰ ਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਤੇ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਦੀ ਪਤਨੀ ਨੂੰ ਬਲਾਕ ਸੰਮਤੀ ਜ਼ੋਨ ਭਰਥ ਤੋਂ ਚੋਣ ਮੈਦਾਨ 'ਚ ਉਤਾਰਿਆ ਤੇ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੀਮਾ ਤੋਂ ਨਰਿੰਦਰ ਸਿੰਘ ਮਿੱਠੂ ਨੂੰ ਟਿਕਟ ਦਿੱਤੀ | ਇਹ ਦੋਨੋਂ ਚੋਣਾਂ ਵਿਚ ਜਿੱਥੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੋਟ ਪਈ ਉੱਥੇ ਨਾਲ ਹੀ ਮਿੱਠੂ ਭਰਥ ਦੇ ਮਿਲਾਪੜੇ ਤੇ ਨਿੱਘੇ ਸੁਭਾਅ ਕਰ ਕੇ ਲੋਕਾਂ ਨੇ ਉਨ੍ਹਾਂ ਨੂੰ ਵੱਡਾ ਬਹੁਮਤ ਦਿੱਤਾ ਹੈ | ਆਮ ਆਦਮੀ ਪਾਰਟੀ ਨੇ ਪਹਿਲੀ ਲੋਕ ਸਭਾ ਚੋਣ 'ਚ ਹਲਕਾ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ 'ਚ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੀ ਅਗਵਾਈ 'ਚ ਨਰਿੰਦਰ ਸਿੰਘ ਮਿੱਠੂ ਭਰਥ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਪਹਿਲੀ ਵਾਰ ਇਸ ਸਿਆਸੀ ਦੰਗਲ 'ਚ ਯਾਮਿਨੀ ਗੋਮਰ ਲਈ ਲੋਕਾਂ ਕੋਲੋਂ ਘਰ ਜਾ ਕੇ ਵੋਟਾਂ ਮੰਗੀਆਂ ਸਨ | ਭਾਵੇਂ ਕਿ ਆਮ ਆਦਮੀ ਪਾਰਟੀ ਨੂੰ ਕਾਮਯਾਬੀ ਨਹੀਂ ਮਿਲ ਸਕੀ ਪਰ ਇਸੇ ਦੌਰਾਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਸੀ ਜਿਸ ਵਿਚ ਨਰਿੰਦਰ ਸਿੰਘ ਮਿੱਠੂ ਭਰਥ ਤੇ ਉਨ੍ਹਾਂ ਦੀ ਟੀਮ ਦਾ ਵੱਡਾ ਯੋਗਦਾਨ ਰਿਹਾ | ਭਾਵੇਂਕਿ ਇਸ ਚੋਣ ਵਿਚ ਵੀ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵੱਡੇ ਫਰਕ ਨਾਲ ਜਿੱਤ ਗਏ ਤੇ ਮਿੱਠੂ ਭਰਥ ਵਿਧਾਇਕ ਕਿਸ਼ਨਕੋਟ ਦੀ ਟੀਮ ਦੇ ਅਹਿਮ ਮੈਂਬਰ ਬਣੇ ਤੇ ਪਾਰਟੀ ਨੇ ਉਨ੍ਹਾਂ ਨੂੰ ਬਲਾਕ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ | ਪਾਰਟੀ ਦੀਆਂ ਹਲਕੇ ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ 'ਚ ਲੱਗੀਆਂ ਡਿਊਟੀਆਂ ਨੂੰ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਵਾਲੇ ਨਰਿੰਦਰ ਸਿੰਘ ਮਿੱਠੂ ਭਰਥ ਨੂੰ ਪਾਰਟੀ ਨੇ ਜਿੱਥੇ ਉਨ੍ਹਾਂ ਦੀ ਪਾਰਟੀ ਪ੍ਰਤੀ ਇਮਾਨਦਾਰੀ ਨੂੰ ਦੇਖਦਿਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਤਾਰਿਆ ਜਿਥੋਂ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਤੇ ਅੱਜ ਹਲਕੇ ਵਿਚ ਨਹੀਂ, ਸਗੋਂ ਪੂਰੇ ਪੰਜਾਬ 'ਚ ਉਨ੍ਹਾਂ ਦੀ ਇਸ ਦੋਹਰੀ ਜਿੱਤ ਦੇ ਚਰਚੇ ਹਨ |