ਘਰੋਟਾ, 26 ਦਸੰਬਰ (ਸੰਜੀਵ ਗੁਪਤਾ)- ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਘਰੋਟਾ ਨੇ ਸਵਾਮੀ ਸ਼ਰਧਾਨੰਦ ਸਰਸਵਤੀ ਦੇ ਸ਼ਹੀਦੀ ਦਿਨ ਸਮਾਗਮ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਹਾਨ ਜੀਵਨ, ਉੱਚ ਨੈਤਿਕ ਕਦਰਾਂ-ਕੀਮਤਾਂ ਅਤੇ ਧਾਰਮਿਕਤਾ ਅਤੇ ਸਚਾਈ ਦੇ ਮਾਰਗ 'ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਸਵਾਮੀ ਸ਼ਰਧਾਨੰਦ ਸਰਸਵਤੀ ਦੇ ਵਿਚਾਰਾਂ ਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ | ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸਚਾਈ, ਵਫ਼ਾਦਾਰੀ, ਕਰਤੱਵ ਤੇ ਸੇਵਾ ਦੇ ਗੁਣਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਡਾ: ਵੰਦਨਾ ਮਹਾਜਨ ਨੇ ਸਵਾਮੀ ਸ਼ਰਧਾਨੰਦ ਸਰਸਵਤੀ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ |