ਪਠਾਨਕੋਟ, 28 ਦਸੰਬਰ (ਵਿਨੋਦ)- ਪਠਾਨਕੋਟ ਦੇ ਗਾਂਧੀ ਚੌਂਕ ਦੇ ਨੇੜੇ ਸੰਡੇ ਬਾਜ਼ਾਰ ਲਗਾਉਣ ਜਾ ਰਹੇ ਫੜੀ ਵਾਲਿਆਂ ਦਾ ਸਾਮਾਨ ਪੁਲਿਸ ਨੇ ਚੁੱਕ ਕੇ ਆਪਣੇ ਕਬਜ਼ੇ 'ਚ ਲੈ ਲਿਆ | ਜ਼ਿਕਰਯੋਗ ਹੈ ਕਿ ਤਿਉਹਾਰਾਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਆਉਣ ਵਾਲੇ ਦੋ ਐਤਵਾਰ ਦੌਰਾਨ ਸੰਡੇ ਬਾਜ਼ਾਰ ਨਾ ਲਗਵਾਉਣ ਦੀ ਮਨਾਹੀ ਕੀਤੀ ਸੀ | ਇਸ ਦੇ ਬਾਵਜੂਦ ਫੜੀ ਵਾਲੇ ਸੰਡੇ ਬਾਜ਼ਾਰ ਲਗਾਉਣ ਜਾ ਰਹੇ ਸਨ | ਟਰੈਫ਼ਿਕ ਇੰਚਾਰਜ ਬ੍ਰਹਮ ਦੱਤ ਨੇ ਦੱਸਿਆ ਕਿ ਐੱਸ.ਐੱਸ.ਪੀ. ਪਠਾਨਕੋਟ ਤੇ ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਪਠਾਨਕੋਟ ਦੇ ਗਾਂਧੀ ਚੌਕ ਨੇੜੇ ਸੰਡੇ ਬਾਜ਼ਾਰ ਅਗਲੇ ਦੋ ਦਿਨ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਇਸ ਸਬੰਧੀ ਮਨਾਹੀ ਵੀ ਕਰਵਾਈ ਗਈ ਸੀ ਕਿ ਜੇਕਰ ਕੋਈ ਵੀ ਫੜੀ ਵਾਲਾ ਸੰਡੇ ਬਾਜ਼ਾਰ ਲਗਾਉਂਦਾ ਹੈ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਅੱਜ ਕੁਝ ਲੋਕ ਸੰਡੇ ਬਾਜ਼ਾਰ ਲਗਾਉਣ ਜਾ ਰਹੇ ਸਨ ਜਿਨ੍ਹਾਂ ਦੇ ਸਾਮਾਨ ਨੂੰ ਚੁੱਕ ਕੇ ਕਬਜ਼ੇ ਵਿਚ ਲਿਆ ਗਿਆ ਹੈ | ਜੇਕਰ ਫਿਰ ਵੀ ਕਿਸੇ ਨੇ ਸੰਡੇ ਬਾਜ਼ਾਰ ਲਗਾਉਣ ਤੋਂ ਗੁਰੇਜ ਨਹੀਂ ਕੀਤਾ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਸੰਡੇ ਬਾਜ਼ਾਰ ਲਗਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਐੱਸ.ਐੱਸ.ਪੀ. ਦੇ ਹੁਕਮਾਂ ਅਨੁਸਾਰ ਸੰਡੇ ਬਾਜ਼ਾਰ ਦੋ ਸੰਡੇ ਲਈ ਬੰਦ ਕੀਤਾ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਨਾ ਕੀਤੀ ਜਾਵੇ, ਜੇਕਰ ਕੋਈ ਨਾ ਮੰਨਿਆ ਤਾਂ ਉਹ ਕਾਨੂੰਨੀ ਕਾਰਵਾਈ ਲਈ ਹੱਕਦਾਰ ਹੋਵੇਗਾ |