ਜਲਾਲਾਬਾਦ, 4 ਜੂਨ (ਹਰਪ੍ਰੀਤ ਸਿੰਘ ਪਰੂਥੀ)- ਸੀ.ਪੀ.ਆਈ.ਐੱਮ. ਜ਼ਿਲ੍ਹਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਕੌਂਸਲਰ ਮੈਂਬਰ ਕਾਮਰੇਡ ਨੱਥਾ ਸਿੰਘ ਨੇ ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਤਹਿਸੀਲ ਜਲਾਲਾਬਾਦ ਦੇ ਖੁੜੰਜ ਸਰਕਲ ਦੇ ਕਾਨੂੰਗੋ ਰਿਟਾਇਰਡ ਹੋ ਜਾਣ ਕਾਰਨ ਇਸ ਸਰਕਲ ਦਾ ਕਾਨੂੰਗੋ ਨਹੀਂ ਹੈ | ਜਿਸ ਦੇ ਚੱਲਦੇ ਲੋਕਾਂ ਦੇ ਇੰਤਕਾਲ, ਨਿਸ਼ਾਨਦੇਹੀ ਅਤੇ ਹੋਰ ਜ਼ਮੀਨੀ ਮਸਲੇ ਅਟਕੇ ਪਏ ਹਨ | ਜਿਸ ਕਾਰਨ ਲੋਕਾਂ ਦੀ ਖੱਜਲ-ਖੁਆਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਲੈ ਕੇ ਉਹ ਅੱਜ ਜਲਾਲਾਬਾਦ ਦੇ ਐੱਸ.ਡੀ.ਐੱਮ. ਨੂੰ ਮਿਲ ਕੇ ਇਸ ਸਰਕਲ 'ਚ ਕਾਨੂੰਗੋ ਦੀ ਤੈਨਾਤੀ ਕਰਨ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਧਿਆਨ ਵਿਚ ਇਹ ਮਸਲਾ ਲਿਆਉਂਦਿਆਂ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਜਲਦੀ ਤੋਂ ਜਲਦੀ ਖੁੜੰਜ ਸਰਕਲ ਵਿਚ ਕਾਨੂੰਗੋ ਲਾਇਆ ਜਾਵੇ ਤਾਂ ਜੋ ਲੋਕਾਂ ਦੇ ਜ਼ਮੀਨੀ ਮਸਲੇ ਹੱਲ ਹੋ ਸਕਣ ਅਤੇ ਲੋਕ ਹੋ ਰਹੀ ਖੱਜਲਖੁਆਰੀ ਤੋਂ ਬਚ ਸਕਣ |