ਫ਼ਾਜ਼ਿਲਕਾ, 4 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨੌਜਵਾਨ ਉੱਦਮੀ ਅਤੇ ਸਮਾਜ ਸੇਵਕ ਕਰਨ ਗਿਲਹੋਤਰਾ ਨੇ ਪੰਚਕੂਲਾ ਪਹੁੰਚੇ ਪ੍ਰਸਿੱਧ ਕਥਾ ਵਾਚਕ ਅਤੇ ਅਧਿਆਤਮਿਕ ਬੁਲਾਰੇ ਬਾਬਾ ਭਾਗੇਸ਼ਵਰ (ਧੀਰੇਂਦਰ ਸ਼ਾਸਤਰੀ) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਹ ਮੁਲਾਕਾਤ ਇਕ ਸਾਦੇ ਅਤੇ ਅਧਿਆਤਮਿਕ ਮਾਹੌਲ ਵਿਚ ਹੋਈ | ਜਿਸ ਵਿਚ ਅਧਿਆਤਮਿਕ ਚਰਚਾ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ 'ਤੇ ਵੀ ਚਰਚਾ ਕੀਤੀ ਗਈ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੁਲਾਕਾਤ ਦੌਰਾਨ ਕਰਨ ਗਿਲਹੋਤਰਾ ਨੇ ਬਾਬਾ ਬਾਗੇਸ਼ਵਰ ਨੂੰ ਫ਼ਾਜ਼ਿਲਕਾ ਖੇਤਰ ਵਿਚ ਨੌਜਵਾਨਾਂ ਅਤੇ ਸਮਾਜ ਲਈ ਚੱਲ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਜਿਸ ਦੀ ਬਾਬਾ ਬਾਗੇਸ਼ਵਰ ਨੇ ਸ਼ਲਾਘਾ ਕੀਤੀ ਅਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ | ਕਰਨ ਗਿਲਹੋਤਰਾ ਨੇ ਇਸ ਮੌਕੇ ਨੂੰ ਆਪਣੇ ਜੀਵਨ ਦਾ ਇਕ ਵਿਸ਼ੇਸ਼ ਅਨੁਭਵ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਬਾਬਾ ਬਾਗੇਸ਼ਵਰ ਨੂੰ ਮਿਲ ਕੇ ਨਵੀਂ ਊਰਜਾ ਅਤੇ ਸਕਾਰਾਤਮਿਕ ਪ੍ਰੇਰਨਾ ਮਿਲੀ ਹੈ | ਉਨ੍ਹਾਂ ਕਿਹਾ ਕਿ ਉਹ ਬਾਬਾ ਜੀ ਤੋਂ ਪ੍ਰਾਪਤ ਮਾਰਗ ਦਰਸ਼ਨ ਨੂੰ ਆਪਣੇ ਸਮਾਜਿਕ ਕਾਰਜਾਂ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਸੇਵਾ ਅਤੇ ਸਹਿਯੋਗ ਦੀ ਭਾਵਨਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ |