ਅਬੋਹਰ, 4 ਜੂਨ (ਵਿਵੇਕ ਹੂੜੀਆ)-ਇਲਾਕੇ ਦੇ ਬਹੁਚਰਚਿਤ ਸਕੂਲ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੁਈਆਂ ਸਰਵਰ ਦੇ ਨੌਵੀਂ ਜਮਾਤ ਦੇ ਪ੍ਰਤਿਭਾਸ਼ਾਲੀ ਵੁਸ਼ੂ ਖਿਡਾਰੀ ਅਰਪਿਤ ਅਤੇ ਯੋਗੇਸ਼ ਨੇ ਹਿੰਦੂ ਕੰਨਿਆ ਕਾਲਜ ਦੇ ਨੇੜੇ ਕਪੂਰਥਲਾ ਦੇ ਸ਼੍ਰੀ ਸਨਾਤਨ ਧਰਮ ਸਭਾ ਵਿਖੇ ਆਯੋਜਿਤ 27ਵੀਂ ਪੰਜਾਬ ਸਟੇਟ ਜੂਨੀਅਰ ਅਤੇ ਸੀਨੀਅਰ ਵੁਸ਼ੂ ਚੈਂਪੀਅਨਸ਼ਿਪ 2025 ਵਿਚ ਮੱਲ੍ਹਾਂ ਮਾਰਦਿਆਂ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਕਤ ਵਿਦਿਆਰਥੀਆਂ ਨੇ ਰਾਜ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ | ਇਸ ਮੁਕਾਬਲੇ ਦੇ ਅੰਡਰ-17 ਵਰਗ ਵਿਚ ਵਿਅਕਤੀਗਤ ਭਾਗੀਦਾਰਾਂ ਵਜੋਂ ਖੇਡਦੇ ਹੋਏ, ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਇਸ ਪ੍ਰਾਪਤੀ ਪਿੱਛੇ ਸਕੂਲ ਦੇ ਨਾਮਵਰ ਮੁੱਕੇਬਾਜ਼ੀ ਕੋਚ ਮਨਦੀਪ ਸਰਾਂ ਦੀ ਵੀ ਮਹੱਤਵਪੂਰਨ ਭੂਮਿਕਾ ਨਿਭਾਈ | ਪਿ੍ੰਸੀਪਲ ਸ਼੍ਰੀਮਤੀ ਨਵਨੀਤ ਦੇਵਗਨ ਨੇ ਵੁਸ਼ੂ ਖਿਡਾਰੀਆਂ ਦੀ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਤਗਮਾ ਜਿੱਤ ਕੇ ਸਾਡੇ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਮਰਪਣ ਅਤੇ ਅਨੁਸ਼ਾਸਨ ਹੋਵੇ ਤਾਂ ਕੋਈ ਵੀ ਟੀਚਾ ਮੁਸ਼ਕਲ ਨਹੀਂ ਹੁੰਦਾ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਕੋਚ ਮਨਦੀਪ ਸਰਾਂ ਦੀ ਅਗਵਾਈ ਹੇਠ ਇਹ ਵਿਲੱਖਣ ਪ੍ਰਾਪਤੀ ਹਾਸਲ ਕੀਤੀ ਹੈ |