ਅਬੋਹਰ, 4 ਜੂਨ (ਵਿਵੇਕ ਹੂੜੀਆ)-ਅਬੋਹਰ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਕੁੱਤਿਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਰੋਜ਼ਾਨਾ ਹੀ ਇਹ ਕੁੱਤੇ ਕਿਸੇ ਨਾ ਕਿਸੇ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਹਨ | ਬਾਅਦ ਦੁਪਹਿਰ ਪਿੰਡ ਅਤੇ ਸ਼ਹਿਰ ਵਿਚ ਇਕ ਬੱਚੇ ਸਮੇਤ ਦੋ ਲੋਕਾਂ ਨੂੰ ਬੁਰੀ ਤਰ੍ਹਾਂ ਖੁਰਚਿਆ ਤੇ ਜ਼ਖਮੀ ਕਰ ਦਿੱਤਾ | ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | 8 ਸਾਲਾ ਬੋਹੜ ਸਿੰਘ ਪੁੱਤਰ ਬਲਜੀਤ ਵਾਸੀ ਕੰਧਵਾਲਾ ਅਮਰਕੋਟ, ਜੋ ਕਿ ਇਲਾਜ ਅਧੀਨ ਹੈ, ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੋਹੜ ਦੁਪਹਿਰ ਵੇਲੇ ਪਿੰਡ ਦੇ ਬੱਸ ਸਟੈਂਡ 'ਤੇ ਖੇਡ ਕੇ ਵਾਪਸ ਆ ਰਿਹਾ ਸੀ ਤਾਂ ਇਕ ਭਿਆਨਕ ਖ਼ੰੂਖ਼ਾਰ ਕੁੱਤੇ ਉਸ ਨੰੂ ਬੁਰੀ ਤਰ੍ਹਾਂ ਵੱਢ ਲਿਆ ਅਤੇ ਕਾਫ਼ੀ ਦੇਰ ਤੱਕ ਉਸ ਦੀ ਲੱਤ ਨਹੀਂ ਛੱਡੀ, ਜਿਸ ਕਾਰਨ ਉਸ ਦੀ ਲੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ | ਇਸ ਦੌਰਾਨ ਉੱਥੋਂ ਲੰਘ ਰਹੇ ਇਕ ਬਾਈਕ ਸਵਾਰ ਨੇ ਕੁੱਤੇ ਨੂੰ ਆਪਣੀ ਮੋਟਰਸਾਈਕਲ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੱਚੇ ਨੂੰ ਛੱਡ ਗਿਆ | ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ | ਡਾਕਟਰਾਂ ਅਨੁਸਾਰ ਉਸ ਦੀ ਲੱਤ 'ਤੇ ਜ਼ਖ਼ਮ ਬਹੁਤ ਡੂੰਘਾ ਸੀ ਤੇ ਇਸ ਲਈ ਕਈ ਟਾਂਕੇ ਲਗਾਏ ਗਏ | ਇਸੇ ਤਰ੍ਹਾਂ ਜੋਹੜੀ ਮੰਦਰ ਦੇ ਨੇੜੇ ਰਹਿਣ ਵਾਲੀ ਵਜ਼ੀਰ ਚੰਦ ਦੀ ਪਤਨੀ ਸ਼ੀਰਾ ਬਾਈ, ਉਮਰ ਲਗਭਗ 35 ਸਾਲ, ਨੇ ਦੱਸਿਆ ਕਿ ਅੱਜ ਉਹ ਆਪਣੇ ਪਾਲਤੂ ਕੁੱਤੇ ਨੂੰ ਨਹਾ ਰਹੀ ਸੀ ਤਾਂ ਕੁੱਤੇ ਨੇ ਉਸ ਦਾ ਹੱਥ ਵੱਢ ਲਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੰੂ ਕੁੱਤੇ ਤੋਂ ਛੁਡਵਾ ਲਿਆ | ਕਿਹਾ ਜਾਂਦਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਪਾਲਤੂ ਕੁੱਤੇ ਦਾ ਟੀਕਾ ਵੀ ਨਹੀਂ ਲਗਵਾਇਆ |