ਅਬੋਹਰ, 4 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਸਾਹਿਤ ਸਿਰਜਣਾ ਮੰਚ ਅਬੋਹਰ ਵਲੋਂ ਪ੍ਰਸਿੱਧ ਕਹਾਣੀਕਾਰ ਅਤੇ ਲੇਖਕ ਮਹਿੰਦਰਜੀਤ ਬਹਾਵਾਲੀਆ ਨਾਲ ਰੂਬਰੂ ਸਮਾਗਮ ਟੀਚਰਜ਼ ਹੋਮ ਅਬੋਹਰ ਵਿਖੇ ਕੀਤਾ ਗਿਆ | ਕਨਵੀਨਰ ਭੁਪਿੰਦਰ ਉਤਰੇਜਾ ਨੇ ਆਏ ਹੋਏ ਮਹਿਮਾਨਾਂ ਅਤੇ ਲੇਖਕਾਂ ਦਾ ਸਵਾਗਤ ਕਰਦਿਆਂ ਮਹਿੰਦਰਜੀਤ ਬਹਾਵਾਲੀਆ ਦੀ ਮੁੱਢਲੀ ਜਾਣ ਪਛਾਣ ਅਤੇ ਜੀਵਨ ਸੰਘਰਸ਼ 'ਤੇ ਚਾਨਣਾ ਪਾਇਆ | ਹਰਮਿੰਦਰ ਸਿੰਘ ਲੋਕ ਬਾਣੀ ਅਤੇ ਕਮਲ ਕਿਸ਼ੋਰ ਖੁਰਾਣਾ ਨੇ ਮਹਿੰਦਰਜੀਤ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ | ਇਸ ਉਪਰੰਤ ਮਹਿੰਦਰਜੀਤ ਨੇ ਕਹਾਣੀ ਕਲਾ ਅਤੇ ਇਲਾਕੇ ਦੇ ਸਾਹਿੱਤਕਾਰ ਨਾਲ ਆਪਣੀਆਂ ਸਾਂਝਾਂ ਬਾਰੇ ਗੱਲਬਾਤ ਕੀਤੀ | ਉਨ੍ਹਾਂ ਨੇ ਆਪਣੀਆਂ ਨਵੀਆਂ ਕਵਿਤਾਵਾਂ ਵੀ ਸੁਣਾਈਆਂ ਅਤੇ ਸਰੋਤਿਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ | ਇਸ ਤੋਂ ਇਲਾਵਾ ਪ੍ਰੋ.ਗੁਰਰਾਜ ਸਿੰਘ ਚਹਿਲ ਅਤੇ ਡਾ.ਤਰਸੇਮ ਸ਼ਰਮਾ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ | ਜ਼ਿਕਰਯੋਗ ਹੈ ਕਿ ਮਹਿੰਦਰਜੀਤ ਬਹਾਵਵਾਲੀਆ ਅਬੋਹਰ ਦੇ ਬਹਾਵਵਾਲਾ ਪਿੰਡ ਨਾਲ ਸੰਬੰਧਿਤ ਹਨ ਅਤੇ ਲੰਬਾ ਸਮਾਂ ਪੱਤਰਕਾਰਤਾ ਖੇਤਰ ਵਿਚ ਵੀ ਸੇਵਾਵਾਂ ਦਿੱਤੀਆਂ ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਥਾਪਿਤ ਲੇਖਕ ਅਤੇ ਨਿਰਦੇਸ਼ਕ ਅੰਬਰਦੀਪ ਦੇ ਪਿਤਾ ਹਨ | ਪਟਿਆਲੇ ਤੋਂ ਆਏ ਕਵੀ ਤੇ ਲੇਖਕ ਸਰਦਾਰ ਤਿਰਲੋਕ ਢਿੱਲੋਂ ਨੇ ਤਰੰਨਮ ਵਿਚ ਆਪਣੀ ਗ਼ਜ਼ਲ ਸੁਣਾਈ | ਪ੍ਰਧਾਨਗੀ ਮੰਡਲ ਵਿਚ ਸ਼ਾਮਲ ਆਤਮਾ ਰਾਮ ਰੰਜਨ ਅਤੇ ਡਾ.ਇਕਬਾਲ ਸਿੰਘ ਗੋਦਾਰਾ ਨੇ ਇਸ ਰੂਬਰੂ ਸਮਾਗਮ ਦੇ ਉਪਰਾਲੇ ਦੀ ਸਫਲਤਾ 'ਤੇ ਮੁਬਾਰਕਬਾਦ ਦਿੱਤੀ | ਦੇਵ ਸਿੰਘ ਖਹਿਰਾ ਅਤੇ ਸੰਜੀਵ ਕੁਮਾਰ ਵਲੋਂ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਗਿਆ | ਮੰਚ ਸੰਚਾਲਨ ਵਿਜੇਅੰਤ ਜੁਨੇਜਾ ਨੇ ਕੀਤਾ | ਪਰਮਿੰਦਰ ਸਿੰਘ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਸਮਾਗਮ ਮੌਕੇ ਡਾ.ਚੰਦਰ ਪ੍ਰਕਾਸ਼, ਨਵਤੇਜ ਸਿੰਘ ਚਹਿਲ, ਐਡਵੋਕੇਟ ਰਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਅਬੋਹਰ, ਦਿਨੇਸ਼ ਕੁਮਾਰ ਮੁੱਖ ਅਧਿਆਪਕ, ਸੰਜੀਵ ਗਿਲਹੋਤਰਾ, ਮੇਘਇੰਦਰ ਬਰਾੜ, ਸੰਦੀਪ ਸ਼ਰਮਾ, ਮਨਜੀਤ ਉਭੀ, ਪ੍ਰੇਮ ਸਿਡਾਨਾ, ਸੁਰਿੰਦਰ ਬਿੱਲਾ ਪੱਟੀ, ਗੁਰਪ੍ਰੀਤ ਸਿੰਘ, ਸੁਰਿੰਦਰਪਾਲ ਸਿੰਘ, ਕਸ਼ਮੀਰ ਲੂਣਾ ਆਦਿ ਮੌਜੂਦ ਸਨ |