ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ | ਡਾ. ਬਲਬੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 22 ਨਵੇਂ ਮੈਡੀਕਲ ਅਫ਼ਸਰਾਂ (ਜਨਰਲ) ਦੀ ਤਾਇਨਾਤੀ ਕੀਤੀ ਗਈ ਹੈ | ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਸਾਰੇ ਡਾਕਟਰ ਪਹਿਲੇ 15 ਦਿਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਡਿਊਟੀ ਕਰਨਗੇ | ਡਾ. ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਨਿਗਰਾਨੀ ਵਿੱਚ 4 ਮੈਡੀਕਲ ਅਫ਼ਸਰਾਂ ਨੇ ਦਫ਼ਤਰ ਸਿਵਲ ਸਰਜਨ ਫ਼ਾਜ਼ਿਲਕਾ ਵਿਖੇ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੂੰ ਆਪਣੀ ਹਾਜ਼ਰੀ ਰਿਪੋਰਟ ਦੇ ਦਿੱਤੀ ਹੈ | ਡਾ. ਮਾਨਵ ਗਰੋਵਰ ਸਿਵਲ ਹਸਪਤਾਲ ਫ਼ਾਜ਼ਿਲਕਾ, ਡਾਕਟਰ ਸ਼ਿਮੇਕ ਅਨੇਜਾ ਸਿਵਲ ਹਸਪਤਾਲ ਅਬੋਹਰ, ਡਾ.ਯੁਗਾਂਤਰ ਉਪਵੇਜਾ ਸੀ.ਐੱਚ.ਸੀ ਸੀਤੋ ਗੁੰਨੋ, ਡਾਕਟਰ ਅਰਸ਼ਿਤਾ ਸੀ.ਐੱਚ.ਸੀ. ਜਲਾਲਾਬਾਦ ਵਿਖੇ ਨਿਯੁਕਤ ਕੀਤਾ ਗਿਆ ਹੈ | ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਇਹ ਸਾਰੇ ਡਾਕਟਰ ਪਹਿਲੇ 15 ਦਿਨ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਕੰਮ ਕਰਨਗੇ | ਉਨ੍ਹਾਂ ਦੱਸਿਆ ਕਿ ਡਾਕਟਰ ਮਾਨਵ ਗਰੋਵਰ ਅਤੇ ਡਾਕਟਰ ਯੁਗਾਂਤਰ ਉਪਵੇਜਾ ਨੂੰ ਕਾਂਵਾਂ ਵਾਲੀ, ਡਾਕਟਰ ਸ਼ਿਮੇਕ ਅਨੇਜਾ ਅਤੇ ਡਾਕਟਰ ਅਰਸ਼ਿਤਾ ਨੂੰ ਲਾਧੂਕਾ ਵਿਖੇ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਡਿਊਟੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ | ਸਿਵਲ ਸਰਜਨ ਫ਼ਾਜ਼ਿਲਕਾ ਨੇ ਨਵ ਨਿਯੁਕਤ ਮੈਡੀਕਲ ਅਫ਼ਸਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੀ ਪਹਿਲੀ ਸੇਵਾ ਤਨ ਮਨ ਨਾਲ ਕਰਨ ਲਈ ਉਤਸ਼ਾਹਿਤ ਕੀਤਾ | ਇਨ੍ਹਾਂ ਮੈਡੀਕਲ ਅਫ਼ਸਰਾਂ ਨੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਸਮੇਂ ਵਿਪਨ ਕੁਮਾਰ ਸੀਨੀਅਰ ਸਹਾਇਕ, ਰੋਹਿਤ ਕੁਮਾਰ, ਵਿਨੋਦ ਖੁਰਾਨਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਬਲਾਕ ਐਕਸਟੈਨਸ਼ਨ ਐਜੂਕੇਟਰ ਮੌਜੂਦ ਸਨ |