ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਅਤੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ ਨੇ ਆਪਣੇ ਸਾਥੀਆਂ ਨਾਲ ਹੜ੍ਹ ਪੀੜਤ ਪਿੰਡਾਂ ਅਤੇ ਕੈਂਪਾਂ ਜਿਸ ਵਿਚ ਲਾਧੂਕਾ, ਰਾਣਾ, ਮੌਜਮ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਅਤੇ ਮੁਸ਼ਕਲਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਗਰ ਆਦਿ ਦੇ ਪ੍ਰਬੰਧ ਸਮਾਜਿਕ, ਧਾਰਮਿਕ ਅਤੇ ਹੋਰ ਜਥੇਬੰਦੀਆਂ ਵਲੋਂ ਪੂਰਾ ਕੀਤਾ ਜਾ ਰਿਹਾ ਹੈ | ਜਿਹੜੀ ਸਭ ਤੋਂ ਵੱਡੀ ਲੋੜ ਉਨ੍ਹਾਂ ਦੀ ਹੈ, ਕਿ ਪਸ਼ੂਆਂ ਲਈ ਖ਼ੁਰਾਕ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਜੋ ਖੇਤਾਂ ਵਿਚ ਹਰਾ ਚਾਰ ਬੀਜਿਆ ਸੀ ਉਹ ਪਾਣੀ ਨਾਲ ਖ਼ਰਾਬ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਕ ਟਰਾਲੀ ਪਸ਼ੂ ਖ਼ੁਰਾਕ ਇਕ ਰਾਹਤ ਕੇਂਦਰ ਵਿਚ ਭੇਜੀ ਹੈ | ਹੁਣ ਹੋਰ ਟਰਾਲੀਆਂ ਵੱਖ-ਵੱਖ ਰਾਹਤ ਕੇਂਦਰਾਂ ਵਿਚ ਭੇਜੀਆਂ ਜਾਣਗੀਆਂ | ਉਨ੍ਹਾਂ ਲੋਕਾਂ ਨੂੰ ਵੀ ਕਿਹਾ ਕਿ ਉਹ ਹਰਾ ਚਾਰਾ ਵੀ ਜ਼ਰੂਰਤਮੰਦਾਂ ਤੱਕ ਪਹੁੰਚਾਉਣ | ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹਾਂ ਲਈ ਪੰਜਾਬ ਸਰਕਾਰ ਦੇ ਨਾਲ ਕੇਂਦਰ ਸਰਕਾਰ ਵੀ ਪੂਰੀ ਦੋਸ਼ੀ ਹੈ | ਉਨ੍ਹਾਂ ਕਿਹਾ ਕਿ ਅੱਧ ਨਾਲੋਂ ਜ਼ਿਆਦਾ ਪੰਜਾਬ ਡੁੱਬ ਚੁੱਕਿਆ ਹੈ | ਕੇਂਦਰ ਸਰਕਾਰ ਹਾਲੇ ਵੀ ਸੁੱਤੀ ਪਈ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਜੇਕਰ ਗੁਜਰਾਤ ਸੂਬੇ 'ਚ ਬਣਦੇ ਤਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਪਹਿਲੇ ਦਿਨ ਹੀ ਖ਼ਜ਼ਾਨੇ ਦੇ ਮੂੰਹ ਖੋਲ੍ਹ ਦੇਣੇ ਸੀ | ਉਨ੍ਹਾਂ ਕਿਹਾ ਕਿ ਹੋਰ ਤਾਂ ਕਿ ਭਾਜਪਾ ਦਾ ਸੂਬਾ ਪ੍ਰਧਾਨ ਮੁੱਖ ਮੰਤਰੀ ਨਾਲ ਅੜੀ ਡਾਹੁਣ ਲਈ ਆਪਣੇ ਜੱਦੀ ਜ਼ਿਲ੍ਹੇ ਆ ਗਿਆ | ਜਦ ਕਿ ਭਾਜਪਾ ਸੂਬਾ ਪ੍ਰਧਾਨ ਦਾ ਜੱਦੀ ਜ਼ਿਲ੍ਹਾ ਹੜ੍ਹਾਂ ਦੀ ਮਾਰ ਹੇਠ ਹੈ | ਕਿਸਾਨ ਤਬਾਹ ਹੋ ਚੁੱਕਿਆ ਹੈ | ਪਰ ਇਕ ਵਾਰ ਵੀ ਭਾਜਪਾ ਸੂਬਾਈ ਪ੍ਰਧਾਨ ਨੇ ਕਿਸੇ ਪਿੰਡ ਵਿਚ ਲੋਕਾਂ ਦੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ | ਜਿਸ ਕਿਸਾਨ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮਨਿਰਭਰ ਬਣਾਇਆ ਅੱਜ ਉਹ ਹੀ ਕਿਸਾਨ ਕੰਗਾਲੀ ਦੀ ਹਾਲਤ 'ਤੇ ਆ ਗਿਆ ਹੈ | ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਕਿਸਾਨ ਦੀ ਪੂਰੀ ਫ਼ਸਲ ਤਬਾਹ ਹੋ ਗਈ ਹੈ ਉਸ ਨੂੰ ਘਟੋਂ-ਘੱਟ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਉਸ ਦੇ ਘਰਾਂ ਆਦਿ ਲਈ ਵੀ ਵੱਖਰਾ ਮੁਆਵਜ਼ਾ ਹੋਵੇ | ਇਸ ਮੌਕੇ 'ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਧਾਰਥ ਰਿਣਵਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਉਪ ਪ੍ਰਧਾਨ ਅਸ਼ੋਕ ਵਾਟਸ, ਐਡਵੋਕੇਟ ਲਖਵਿੰਦਰ ਹਾਂਡਾ, ਯੋਗੇਸ਼ ਸ਼ਰਮਾ ਆਦਿ ਉਨ੍ਹਾਂ ਦੇ ਨਾਲ ਸਨ |