18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਰਮੇ ਦੀ ਫ਼ਸਲ ਸੰਬੰਧੀ ਜਾਰੀ ਕੀਤੀ ਐਡਵਾਈਜ਼ਰੀ

Ad Position 21
No active advertisement
ਅਜੀਤ ਡੈਸਕ 03-09-2025
ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐੱਸ.ਐੱਸ.ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ.ਐਮ ਐੱਸ. ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ.ਏ.ਯੂ.,ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਅਬੋਹਰ ਦੇ ਵਿਗਿਆਨੀਆਂ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ ਸਰਵੇਖਣ (ਸਰਵੇ) ਦੀ ਰਿਪੋਰਟ ਦੇ ਅਨੁਸਾਰ ਨਰਮੇ/ਕਪਾਹ ਸੰਬੰਧੀ ਫ਼ਸਲੀ ਸਲਾਹ ਜਾਰੀ ਕੀਤੀ | ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਦਾ ਦੌਰ ਜਾਰੀ ਹੈ | ਦੱਖਣ-ਪੱਛਮੀ ਜ਼ਿਲਿ੍ਹਆਂ ਵਿਚ ਵੀ ਲਗਾਤਾਰ ਪੈ ਰਹੇ ਮੀਂਹ ਕਰਕੇ ਨਰਮੇ ਦੇ ਖੇਤਾਂ ਵਿਚ ਸਿੱਲ੍ਹ ਬਰਕਰਾਰ ਹੈ | ਡਾ. ਜਗਦੀਸ਼ ਅਰੋੜਾ ਨੇ ਦੱਸਿਆ ਕਿ ਬਾਰਸ਼ਾਂ ਦੇ ਮੌਸਮ ਵਿਚ ਨਰਮੇ ਦੀ ਫ਼ਸਲ ਤੇ ਪੱਤਿਆਂ ਦੇ ਧੱਬਿਆਂ ਦਾ ਰੋਗ ਅਤੇ ਨਰਮੇ ਦੇ ਟਿੰਡਿਆਂ ਦਾ ਗਾਲਾ ਦਿਖਾਈ ਦੇ ਰਿਹਾ ਹੈ | ਇਸ ਬਿਮਾਰੀ ਤੋਂ ਬਚਣ ਲਈ ਐਮੀਸਟਾਰ ਟੌਪ 200 ਮਿ. ਲੀ. ਪ੍ਰਤੀ ਏਕੜ ਦਾ ਸਪਰੇਅ ਕਰ ਦੇਣਾ ਚਾਹੀਦਾ ਹੈ | ਲੋੜ ਪੈਣ ਤੇ ਇਹ ਸਪਰੇਅ 15 ਦਿਨਾਂ ਬਾਅਦ ਦੁਬਾਰਾ ਕੀਤੀ ਜਾ ਸਕਦੀ ਹੈ | ਭਾਰੀ ਬਾਰਿਸ਼ ਪੈਣ ਤੋਂ ਬਾਅਦ ਕਈ ਵਾਰ ਪੈਰਾ ਵਿਲਟ ਦੀ ਸਮੱਸਿਆ ਆ ਸਕਦੀ ਹੈ | ਇਹ ਸਮੱਸਿਆ ਸਾਰੇ ਖੇਤ ਵਿਚ ਇਕਸਾਰ ਨਹੀਂ ਆਉਂਦੀ, ਬਲਕਿ ਕੁੱਝ ਕੁ ਬੂਟੇ ਮੁਰਝਾਉਣ ਦੇ ਲੱਛਣ ਦਿਖਾਉਣ ਲੱਗ ਪੈਂਦੇ ਹਨ | ਅਜਿਹੀ ਹੋਣ ਦੀ ਸੂਰਤ ਵਿਚ ਤੁਰੰਤ ਕੋਬਾਲਟ ਕਲੋਰਾਇਡ 1 ਗਰਾਮ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਭਾਵਿਤ ਬੂਟਿਆਂ ਤੇ ਸਪਰੇਅ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਬੂਟੇ ਦਾ ਮੁਰਝਾਉਣਾ ਰੁਕ ਜਾਂਦਾ ਹੈ ਅਤੇ ਬੂਟਾ ਦੁਬਾਰਾ ਚੱਲ ਪੈਂਦਾ ਹੈ | ਡਾ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮੇ ਦਾ ਪਤਰਾਲ ਪੀਲ਼ਾਪਣ ਦਿਖਾਉਣ ਲੱਗ ਪੈਂਦਾ ਹੈ | ਜਿਨ੍ਹਾਂ ਖੇਤਾਂ ਵਿਚ ਲਗਾਤਾਰ ਪਾਣੀ ਖੜ੍ਹਾ ਰਹੇ, ਉੱਥੇ ਨਰਮੇ ਦੇ ਬੂਟੇ ਖ਼ੁਰਾਕ ਬਹੁਤ ਘੱਟ ਚੁੱਕਦੇ ਹਨ ਅਤੇ ਪਲੱਤਣ ਵਿਚ ਆ ਜਾਂਦੇ ਹਨ | ਅਜਿਹੀਆਂ ਹਾਲਤਾਂ ਵਿਚ ਨਰਮੇ ਦੀ ਫ਼ਸਲ ਵਿਚ ਪਾਣੀ ਦੀ ਨਿਕਾਸੀ ਕਰ ਦੇਣੀ ਚਾਹੀਦੀ ਹੈ ਇਨ੍ਹਾਂ ਹਾਲਤਾਂ ਵਿਚ ਪੱਤਿਆਂ ਰਾਹੀਂ ਖ਼ੁਰਾਕ ਦੇਣੀ ਜ਼ਰੂਰੀ ਹੋ ਜਾਂਦੀ ਹੈ | ਲਗਾਤਾਰ ਬੱਦਲਵਾਈ ਰਹਿਣ ਕਾਰਨ ਫੁੱਲਾਂ ਤੇ ਆਈ ਫ਼ਸਲ ਕਈ ਵਾਰ ਚੁੰਡੀਆਂ, ਫ਼ੁਲ ਜਾਂ ਛੋਟੇ ਟਿੰਡੇ ਸਿੱਟਣ ਲੱਗ ਪੈਂਦੀ ਹੈ | ਇਸ ਨੂੰ ਰੋਕਣ ਲਈ ਪੋਟਾਸ਼ੀਅਮ ਨਾਈਟਰੇਟ (13-0-45) 2 ਕਿੱਲੋ ਪ੍ਰਤੀ ਏਕੜ ਦੇ 4 ਸਪਰੇਅ 10 ਦਿਨਾਂ ਦੇ ਵਕਫ਼ੇ ਤੇ ਕਰਨੀ ਚਾਹੀਦੀ ਹੈ | ਨਾਲ ਹੀ ਮੈਗਨੀਸ਼ੀਅਮ ਸਲਫ਼ੇਟ 1 ਕਿੱਲੋ ਪ੍ਰਤੀ 100 ਲੀਟਰ ਦੇ ਹਿਸਾਬ ਨਾਲ 15-20 ਦਿਨਾਂ ਦੀ ਵਿੱਥ ਤੇ ਦੋ ਸਪਰੇਅ ਕਰ ਦੇਣੀ ਚਾਹੀਦੀ ਹੈ, ਇਸ ਨਾਲ ਪੱਤਿਆਂ ਦੀ ਲਾਲੀ ਦੀ ਸਮੱਸਿਆ ਨਹੀਂ ਆਉਂਦੀ | ਡਾ.ਜਗਦੀਸ਼ ਅਰੋੜਾ (ਜ਼ਿਲ੍ਹਾ ਪ੍ਰਸਾਰ ਮਾਹਿਰ) ਨੇ ਦੱਸਿਆ ਕਿ ਚਿੱਟੀ ਮੱਖੀ ਹੁਣ ਆਖ਼ਰੀ ਪੜਾਅ ਤੇ ਹੈ ਅਤੇ ਗੁਲਾਬੀ ਸੁੰਡੀ ਦਾ ਹਮਲਾ ਵੀ ਕਈ ਖੇਤਾਂ ਵਿਚ ਨਜ਼ਰ ਆ ਰਿਹਾ ਹੈ | ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ | ਜਿਨ੍ਹਾਂ ਖੇਤਾਂ ਵਿਚ ਚਿੱਟੀ ਮੱਖੀ ਦੇ ਨਾਲ ਗੁਲਾਬੀ ਸੁੰਡੀ ਦਾ ਹਮਲਾ ਹੈ, ਉੱਥੇ ਇਨ੍ਹਾਂ ਦੀ ਰੋਕਥਾਮ ਲਈ 800 ਮਿਲੀਲਿਟਰ ਫੋਸਮਾਈਟ/ ਈ-ਮਾਈਟ/ ਵਾਲਥੀਆਨ/ਗੋਲਡ ਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ | ਗੁਲਾਬੀ ਸੁੰਡੀ ਲਈ ਰਕਲੇਮ (ਐਮਾਮੈਕਿਟਨ ਬੱਜੋਏਟ 5 ਐੱਸ.ਜੀ) 100 ਗਰਾਮ ਜਾਂ ਕਿਉਰਾਕਰਾਨ (ਪ੍ਰੋਫਨੇਫਾਸ 50 ਈ. ਸੀ.) 500 ਮਿ.ਲੀ ਜਾਂ ਫੇਮ (ਫਲੁਬੈਂਡਾਮਾਈਡ) 40 ਮਿ.ਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ | ਸਤੰਬਰ ਅੱਧ ਤੋਂ ਬਾਅਦ ਗੁਲਾਬੀ ਸੁੰਡੀ ਲਈ ਅਗਲੀ ਸਪਰੇਅ ਕਿਸੇ ਵੀ ਸਿੰਥੇਟਿਕ ਪਾਈਰੀਥਾਈਡ ਦੀ ਕੀਤੀ ਜਾ ਸਕਦੀ ਹੈ | ਇਹਨਾਂ ਵਿਚ ਡੈਲਟਾਮੈਥਰਿਨ 2.8 ਈ ਸੀ 160 ਮਿ.ਲੀ ਜਾਂ ਫੈਨਵਲਰੇਟ 20 ਈ ਸੀ 100 ਮਿ.ਲੀ ਜਾਂ ਡੈਨੀਟੋਲ 10 ਈ ਸੀ 300 ਮਿ.ਲੀ ਜਾਂ ਸਾਈਪਰਮੈਥਰਿਨ 10 ਈ ਸੀ 200 ਮਿ. ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ | ਡਾ.ਜਗਦੀਸ਼ ਅਰੋੜਾ ਨੇ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕੀ ਕਿਸਾਨ ਵੀਰ ਨਰਮੇ ਦੀ ਸਮੱਸਿਆ ਦੇ ਹੱਲ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ, ਪੀ.ਏ. ਯੂ ਖੇਤਰੀ ਖੋਜ ਕੇਂਦਰ ਅਤੇ ਖੇਤੀਬਾੜੀ ਦਫ਼ਤਰ ਦੇ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਰਾਬਤਾ ਰੱਖਣ |
Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਲੋਕਾਂ ਨੂੰ 6196 ਰਾਸ਼ਨ ਕਿੱਟਾਂ ਵੰਡੀਆਂ, 3278 ਬੈਗ ਕੈਟਲ ਫੀਡ ਤਕਸੀਮ-ਡੀ.ਸੀ.ਅਮਰਪ੍ਰੀਤ ਕੌਰ ਸੰਧੂ ਅਗਲੀ ਖ਼ਬਰ ਸ਼ੇਰ ਸਿੰਘ ਘੁਬਾਇਆ ਵਲੋਂ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
Ad Position 24