ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐੱਸ.ਐੱਸ.ਪੀ ਗੁਰਮੀਤ ਸਿੰਘ ਨੇ ਸਰਹੱਦੀ ਪਿੰਡਾਂ ਵਿਚ ਅਗਲੇਰੇ ਬੰਨ੍ਹਾਂ 'ਤੇ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਹਰ ਲੋੜਵੰਦ ਤੱਕ ਰਾਹਤ ਸਮਗਰੀ ਦੀ ਪਹੁੰਚ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਗਾਤਾਰ ਕੰਮ ਕਰ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 6196 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ ਜਦ ਕਿ ਮਵੇਸੀਆਂ ਲਈ 3278 ਥੈਲੇ ਕੈਟਲ ਫੀਡ ਦੀ ਵੰਡ ਕੀਤੀ ਗਈ ਹੈ | ਇਸ ਤੋਂ ਬਿਨਾਂ 1118 ਕੁਇੰਟਲ ਹਰਾ ਚਾਰਾ ਅਤੇ ਰਾਹਤ ਕੈਂਪਾਂ ਵਿਚ ਜ਼ਰੂਰਤ ਅਨੁਸਾਰ ਤੂੜੀ ਮੁਹੱਈਆ ਕਰਵਾਈ ਜਾ ਰਹੀ ਹੈ | ਜ਼ਿਲ੍ਹੇ ਦੀ 21562 ਆਬਾਦੀ ਹੜ੍ਹਾਂ ਨਾਲ ਪ੍ਰਭਾਵਿਤ ਹੈ ਅਤੇ 2422 ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਵਿਚੋਂ ਐਨ.ਡੀ.ਆਰ.ਐਫ ਅਤੇ ਆਰਮੀ ਦੀਆਂ ਟੀਮਾਂ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਅਤ ਬਾਹਰ ਕੱਢਿਆ ਹੈ | 1304 ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਲੰਗਰ ਅਤੇ ਹੋਰ ਜ਼ਰੂਰੀ ਸੁਵਿਧਾ ਦਿੱਤੀ ਜਾ ਰਹੀ ਹੈ | ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਨੇ ਨੂਰ ਸ਼ਾਹ ਵਿਖੇ ਬੰਨ੍ਹ 'ਤੇ ਪਹੁੰਚ ਕੇ ਰਾਹਤ ਕਾਰਜਾਂ ਵਿਚ ਲੱਗੀਆਂ ਟੀਮਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਢਾਣੀ ਬਚਨ ਸਿੰਘ ਦਾ ਦੌਰਾ ਕਰਕੇ ਪਿੰਡ ਵਾਸੀਆਂ ਦਾ ਹਾਲਚਾਲ ਜਾਣਿਆ ਅਤੇ ਫਿਰ ਕਾਂਵਾਂ ਵਾਲੀ ਪੱਤਣ 'ਤੇ ਸਥਿਤੀ ਦਾ ਜਾਇਜ਼ਾ ਲਿਆ | ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਐਨ.ਡੀ.ਆਰ.ਐਫ , ਆਰਮੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕਿਸ਼ਤੀਆਂ ਕਰੀਕ ਪਾਰ ਦੇ ਪਿੰਡਾਂ ਤੱਕ ਰਸਦ ਪਹੁੰਚਾਉਣ ਲਈ ਲਗਾਈਆਂ ਗਈਆਂ ਹਨ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹੁਣ ਪਾਣੀ ਪੱਧਰ ਵੱਧ ਜਾਣ ਕਾਰਨ ਇਹਨਾਂ ਕਿਸ਼ਤੀਆਂ ਨੂੰ ਐਨ.ਡੀ.ਆਰ.ਐਫ ਦੇ ਮਾਹਿਰ ਹੀ ਚਲਾ ਸਕਦੇ ਹਨ | ਇਸ ਲਈ ਜਿਨ੍ਹਾਂ ਲੋਕਾਂ ਨੇ ਅੱਗੇ ਰਸਦ ਭੇਜਣੀ ਹੈ ਉਹ ਐਨ.ਡੀ.ਆਰ.ਐਫ ਟੀਮ ਦੇ ਨਾਲ ਜਾ ਕੇ ਹੀ ਆਪਣੀ ਰਸਦ ਭੇਜਣ ਕਿਉਂਕਿ ਆਮ ਵਿਅਕਤੀ ਹੁਣ ਇੰਨੇ ਡੂੰਘੇ ਪਾਣੀ ਵਿਚ ਇਹ ਕਿਸ਼ਤੀਆਂ ਨਹੀਂ ਚਲਾ ਸਕਦਾ | ਜ਼ਿਕਰਯੋਗ ਹੈ ਕਿ ਹੁਸੈਨੀਵਾਲਾ ਤੋਂ ਸਤਲੁਜ ਨਦੀ ਵਿਚ ਇਸ ਸਮੇਂ 273000 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ | ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ |