ਜਲਾਲਾਬਾਦ, 2 ਸਤੰਬਰ (ਜਤਿੰਦਰ ਪਾਲ ਸਿੰਘ)-ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਆਮ ਲੋਕਾਂ ਦੀ ਜ਼ਿੰਦਗੀ ਵਿਚ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ¢ ਭਾਰੀ ਮੀਂਹ ਦੇ ਕਾਰਨ ਜਲਾਲਾਬਾਦ ਨੇੜੇ ਪੈਂਦੇ ਪਿੰਡ ਬਲੇਲ ਦੇ ਉਤਾੜ ਵਾਸੀ ਚੰਨ ਸਿੰਘ ਪੁੱਤਰ ਬਲਬੀਰ ਸਿੰਘ ਦੇ ਮਕਾਨ ਦੀ ਛੱਤ ਅਚਾਨਕ ਡਿਗ ਪਈ¢ ਹਾਦਸੇ ਵੇਲੇ ਪਰਿਵਾਰ ਘਰ ਅੰਦਰ ਮੌਜੂਦ ਸੀ, ਪਰ ਪਰਿਵਾਰ ਦਾ ਸੱਟ ਫੇਟ ਤੋਂ ਬਚਾਅ ਹੋ ਗਿਆ¢ ਚੰਨ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ¢ਪਰਿਵਾਰ ਵਿਚ ਛੋਟੇ-ਛੋਟੇ ਬੱਚੇ ਵੀ ਹਨ¢ ਛੱਤ ਡਿੱਗਣ ਕਾਰਨ ਪਰਿਵਾਰ ਹੁਣ ਸਿਰ ਉੱਤੇ ਛੱਤ ਦੇ ਸਹਾਰੇ ਤੋਂ ਵਾਂਝਾ ਹੋ ਗਿਆ ਹੈ ਅਤੇ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ¢ ਚੰਨ ਸਿੰਘ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪਰਿਵਾਰ ਦੀ ਮਜਬੂਰੀ ਨੂੰ ਵੇਖਦਿਆਂ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਮੁੜ ਆਪਣਾ ਘਰ ਬਣਾ ਕੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕੇ¢ ਪਿੰਡ ਵਾਸੀਆਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗ਼ਰੀਬ ਪਰਿਵਾਰ ਦੀ ਸਹਾਇਤਾ ਲਈ ਤੁਰੰਤ ਰਾਹਤ ਰਕਮ ਜਾਰੀ ਕੀਤੀ ਜਾਵੇ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਲਈ ਕੱਚੇ ਮਕਾਨਾਂ ਦੇ ਮਾਲਕਾਂ ਨੂੰ ਖ਼ਾਸ ਯੋਜਨਾਵਾਂ ਹੇਠ ਪੱਕੇ ਅਤੇ ਸੁਰੱਖਿਅਤ ਮਕਾਨ ਬਣਾਉਣ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ¢