ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਨੂਰ ਸ਼ਾਹ 'ਚ ਅਚਾਨਕ ਇੱਕ ਘਰ ਵਿਚ ਅੱਗ ਲੱਗ ਗਈ | ਇਸ ਘਟਨਾ ਵਿਚ ਪਰਿਵਾਰ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ | ਪਰਿਵਾਰ ਦੇ ਮੁਤਾਬਿਕ ਅੱਗ ਦੀ ਇਹ ਘਟਨਾ ਸਵੇਰੇ ਕਰੀਬ ਤਿੰਨ ਤੋਂ ਚਾਰ ਵਜੇ ਦੇ ਵਿਚਕਾਰ ਵਾਪਰੀ | ਅੱਗ ਲੱਗਣ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ | ਸ਼ੋਰ ਮਚਾਉਣ ਤੋਂ ਬਾਅਦ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਕਾਫ਼ੀ ਮਿਹਨਤ ਮਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਪੀੜਤ ਮਹਿਲਾ ਨਿਰਮਲ ਕੌਰ ਨੇ ਦੱਸਿਆ ਕਿ ਸਤਲੁਜ ਦਰਿਆ 'ਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦੇ ਰਿਹਾ ਹੈ | ਇਸ ਲੜੀ ਵਿਚ ਉਨ੍ਹਾਂ ਨੇ ਵੀ ਪਿੰਡ ਛੱਡਣ ਦੀ ਤਿਆਰੀ ਕਰ ਰੱਖੀ ਸੀ ਅਤੇ ਘਰ ਦਾ ਸਾਰਾ ਸਮਾਨ ਇੱਕ ਥਾਂ ਇਕੱਠਾ ਕਰ ਰੱਖਿਆ ਸੀ ਜਿਸ ਨੂੰ ਸਵੇਰੇ ਸੁਰੱਖਿਅਤ ਥਾਂ 'ਤੇ ਲਿਜਾਇਆ ਜਾਣਾ ਸੀ | ਨਿਰਮਲ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੀ ਸਵੇਰੇ ਅਚਾਨਕ ਘਰ 'ਚ ਅੱਗ ਲੱਗ ਗਈ ਜਿਸ ਨਾਲ ਇਕੱਠਾ ਕੀਤਾ ਗਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਨੂੰ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਕਾਫ਼ੀ ਹੋ ਗਿਆ | ਇਸ ਕਰ ਕੇ ਉਨ੍ਹਾਂ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ |