ਗੁਰਦੁਆਰਾ ਨਾਨਕਸਰ ਟੋਭਾ ਵਿਖੇ ਹੋਣਗੇ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ
ਅਜੀਤ ਡੈਸਕ
06-09-2025
ਅਬੋਹਰ, 5 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਹਾੜੇ ਤੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਨਾਨਕਸਰ ਟੋਭਾ ਅਬੋਹਰ ਵਿਖੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਲਵਪ੍ਰੀਤ ਸਿੰਘ, ਸਚਿਨਜੀਤ ਸਿੰਘ ਅਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਵਿਚ ਦਸਤਾਰ ਪ੍ਰਤੀ ਪਿਆਰ ਪੈਦਾ ਕਰਨ ਅਤੇ ਆਪਣੇ ਸਭਿਆਚਾਰ ਨਾਲ ਜੋੜਨ ਦੇ ਉਦੇਸ਼ ਤਹਿਤ ਸਨਿੱਚਰਵਾਰ 6 ਸਤੰਬਰ ਨੂੰ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਦਸਤਾਰ ਅਤੇ ਦੁਮਾਲਾ ਮੁਕਾਬਲਾ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ | ਇਸ ਦਸਤਾਰ ਮੁਕਾਬਲੇ ਵਿਚ ਪ੍ਰਤੀਯੋਗੀ ਦੀ ਉਮਰ 7 ਤੋਂ 13 ਸਾਲ ਤੇ ਦੁਮਾਲਾ ਦੇ ਪ੍ਰਤੀਯੋਗੀ ਦੀ ਉਮਰ 14 ਤੋਂ 17 ਸਾਲ ਰੱਖੀ ਗਈ ਹੈ | ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਟਰਾਫ਼ੀ, ਦਸਤਾਰ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ | ਮੁਕਾਬਲੇ ਵਿਚ ਪ੍ਰਤੀਯੋਗੀ ਆਪਣੇ ਨਾਲ ਸ਼ੀਸ਼ਾ, ਦਸਤਾਰ ਤੇ ਸਿਲਾਈ ਨਾਲ ਲੈ ਕੇ ਆਉਣ |