ਫ਼ਾਜ਼ਿਲਕਾ, 25 ਸਤੰਬਰ (ਅਮਰਜੀਤ ਸ਼ਰਮਾ)- ਪੰਜਾਬ ਮਿਊਾਸੀਪਲ ਪੈਨਸ਼ਨਰ ਐਸੋਸੀਏਸ਼ਨ ਬਰਾਂਚ ਨਗਰ ਕੌਂਸਲ ਫ਼ਾਜ਼ਿਲਕਾ ਦੀ ਅਹਿਮ ਮੀਟਿੰਗ ਲਾਲਾ ਸੁਨਾਮ ਰਾਏ ਮੈਮੋਰੀਅਲ ਦਫ਼ਤਰ ਵਿਖੇ ਕੀਤੀ ਗਈ ਜਿਸ ਵਿਚ ਨਵੀਂ ਟੀਮ ਦੀ ਤਿੰਨ ਸਾਲਾਂ ਵਾਸਤੇ ਚੋਣ ਕੀਤੀ ਗਈ | ਇਸ ਚੋਣ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁੱਖ ਸਲਾਹਕਾਰ ਮੋਹਨ ਲਾਲ ਗੁਗਲਾਨੀ ਤੇ ਚੇਅਰਮੈਨ ਪੀ੍ਰਤਮ ਦਾਸ ਸਰਪੰਚ ਅਬੋਹਰ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ | ਇਸ ਮੌਕੇ ਅਬੋਹਰ ਤੇ ਜਲਾਲਾਬਾਦ ਤੋਂ ਪੈਨਸ਼ਨਰ ਸਾਥੀ ਵੀ ਸ਼ਾਮਿਲ ਹੋਏ | ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵਿੱਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਨਵੀਂ ਟੀਮ ਦਾ ਐਲਾਨ ਕਰਦੇ ਹੋਏ ਰਾਜ ਕੁਮਾਰ ਸਾਰਸਰ ਨੂੰ ਪ੍ਰਧਾਨ, ਕੁਲਵੰਤ ਰਾਏ ਗਾਬਾ ਨੂੰ ਜਨਰਲ ਸਕੱਤਰ, ਖੇਮਰਾਜ ਨੂੰ ਕੈਸ਼ੀਅਰ, ਪ੍ਰਦੀਪ ਧਵਨ ਨੂੰ ਚੇਅਰਮੈਨ, ਮੋਹਨ ਲਾਲ ਗੁਗਲਾਨੀ ਤੇ ਵਿਜੇ ਕੁਮਾਰ ਚਲਾਣਾ ਨੂੰ ਮੁੱਖ ਸਲਾਹਕਾਰ, ਬਲੀਸ਼ ਕੁਮਾਰ ਤੇ ਅਰਜਨ ਦੇਵ ਨੂੰ ਸੀਨੀਅਰ ਮੀਤ ਪ੍ਰਧਾਨ, ਸੂਰਜ ਪ੍ਰਕਾਸ਼, ਬਿਮਲਾ ਰਾਣੀ, ਕ੍ਰਿਸ਼ਨ ਅਵਤਾਰ, ਇੰਦਰਾ ਅਸੀਜਾ, ਸ਼ਾਮ ਸੁੰਦਰ ਨੂੰ ਮੀਤ ਪ੍ਰਧਾਨ, ਰਾਜ ਕੁਮਾਰ ਵਰਮਾ ਨੂੰ ਪੈੱ੍ਰਸ ਸਕੱਤਰ, ਸ਼ਾਮ ਲਾਲ ਠਕਰਾਲ ਨੂੰ ਸਹਿ ਸਕੱਤਰ, ਸੰਤੋਸ਼ ਰਾਣੀ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ | ਇਸ ਤੋਂ ਇਲਾਵਾ ਕਾਂਸ਼ੀ ਰਾਮ, ਸ਼ਾਮ ਲਾਲ ਧੋਲਪੁਰੀਆਂ ਨੂੰ ਕਾਰਜਕਾਰੀ ਮੈਂਬਰ ਵਜੋਂ ਲਿਆ ਗਿਆ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਥੇਬੰਦੀਆਂ ਦੀਆਂ ਮੰਗਾਂ ਮੰਨਣ ਸਬੰਧੀ ਮੀਟਿੰਗਾਂ ਦੇ ਕੇ ਵਾਰ-ਵਾਰ ਰੱਦ ਕਰ ਰਹੀ ਹੈ ਜਿਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੇ ਡੀ.ਏ. ਦੇਣ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਹਰ ਰੋਜ਼ ਜੀ.ਐੱਸ.ਟੀ. ਵਿਚ ਲਗਾਤਾਰ ਵਾਧੇ ਹੋਣ ਦੇ ਬਿਆਨ ਦਿੱਤੇ ਜਾ ਰਹੇ ਹਨ ਪਰ ਦੂਸਰੇ ਪਾਸੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪ ਸਰਕਾਰ ਵਲੋਂ ਕੁੱਝ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰਾਂ 'ਚ ਸਰਕਾਰ ਪ੍ਰਤੀ ਵੱਧ ਰਹੇ ਰੋਸ ਕਾਰਨ ਆਉਣ ਵਾਲੀਆਂ ਵਿਧਾਨ ਸਭਾ ਚੋਣਾ 'ਚ ਆਮ ਆਦਮੀ ਪਾਰਟੀ ਨੂੰ ਬੂਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਵੇਗਾ | ਇਸ ਮੌਕੇ ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਬਰਾਂਚ ਪ੍ਰਧਾਨ ਕੁਲਦੀਪ ਸਿੰਘ ਢਾਬਾਂ ਤੇ ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ, ਸੁਖਦੇਵ ਰਾਜ ਜਲਾਲਾਬਾਦ, ਮੈਡਮ ਦਯਾ, ਬਿਮਲਾ ਰਾਣੀ, ਰਾਮ ਚੰਦ ਨੇ ਵੀ ਸੰਬੋਧਨ ਕੀਤਾ |