ਅਬੋਹਰ, 25 ਸਤੰਬਰ (ਵਿਵੇਕ ਹੂੜੀਆ)- ਗੌਰਮਿੰਟ ਟੀਚਰਜ਼ ਯੂਨੀਅਨ ਫ਼ਾਜ਼ਿਲਕਾ ਵਲੋਂ ਵਿੱਦਿਅਕ ਸਮੱਗਰੀ ਵੰਡ ਪ੍ਰੋਗਰਾਮ ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਲੋੜਵੰਦ ਵਿਦਿਆਰਥੀਆਂ ਲਈ ਵਿੱਦਿਅਕ ਸਮਗਰੀ ਵੰਡ ਪ੍ਰੋਗਰਾਮ ਕਰਵਾਇਆ ਗਿਆ | ਗੌਰਮਿੰਟ ਟੀਚਰਜ਼ ਯੂਨੀਅਨ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਰਪ੍ਰਸਤ ਭਗਵੰਤ ਭਟੇਜਾ ਨੇ ਕਿਹਾ ਕਿ ਕਮਲ ਖੁਰਾਨਾ ਤੋਂ ਪ੍ਰੇਰਿਤ ਹੋ ਕੇ ਪਵਨ ਬਾਂਸਲ ਨੇ ਆਪਣੇ ਪਿਤਾ ਦੀ ਬਰਸੀ 'ਤੇ ਤੇ ਲੱਡੂ ਸਚਦੇਵਾ ਨੇ ਲੋੜਵੰਦ ਵਿਦਿਆਰਥੀਆਂ ਲਈ ਵਿੱਦਿਅਕ ਸਮਗਰੀ ਵੰਡੀ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਵਿੰਦਰ ਸਿੰਘ ਦੀ ਸਹਾਇਤਾ ਨਾਲ ਇਹ ਸਮੱਗਰੀ ਫ਼ਾਜ਼ਿਲਕਾ 'ਚ ਹਾਲ ਹੀ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਸਰਕਾਰੀ ਪ੍ਰਾਇਮਰੀ ਸਕੂਲ ਝੰਗੜ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬੇ ਵਾਲੀ ਭੈਣੀ ਦੇ ਬੱਚਿਆਂ ਨੂੰ ਵੰਡੀ ਗਈ | ਇਸ ਮੌਕੇ ਕਮਲ ਖੁਰਾਨਾ ਨੇ ਕਿਹਾ ਕਿ ਉਹ ਦਾਨੀ ਸੱਜਣਾਂ ਦੀ ਮਦਦ ਨਾਲ ਵੱਧ ਤੋਂ ਵੱਧ ਬੱਚਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਵਿੰਦਰ ਸਿੰਘ ਨੇ ਸਰਕਾਰੀ ਅਧਿਆਪਕ ਯੂਨੀਅਨ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ 600 ਕਾਪੀਆਂ, 600 ਪੈੱਨ, 400 ਪੈਨਸਿਲ ਤੇ 100 ਰੰਗੀਨ ਪੈੱਨ ਵੰਡੇ ਗਏ | ਭਗਵੰਤ ਭਟੇਜਾ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਤੇ ਉਨ੍ਹਾਂ ਦੀ ਵਿੱਦਿਅਕ ਤਰੱਕੀ ਨੂੰ ਉਤਸ਼ਾਹਿਤ ਕਰਨਾ ਹੈ, ਖ਼ਾਸ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਿੱਥੇ ਵਿਦਿਆਰਥੀਆਂ ਨੂੰ ਵਧੇਰੇ ਸਹਾਇਤਾ ਦੀ ਲੋੜ ਹੈ | ਸਾਰਿਆਂ ਨੇ ਪ੍ਰਵੀਨ ਬਾਂਸਲ ਦੀ ਉਨ੍ਹਾਂ ਦੇ ਨੇਕ ਇਰਾਦੇ ਲਈ ਪ੍ਰਸੰਸਾ ਕੀਤੀ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ, ਗੁਲਾਬ ਵਾਲੀ ਭੈਣੀ ਦੇ ਅਧਿਆਪਕ ਸੁਰਿੰਦਰ ਕੰਬੋਜ ਨੇ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ |