ਅਬੋਹਰ, 26 ਸਤੰਬਰ (ਖ਼ਾਲਸਾ, ਹੂੜੀਆ)-ਸਥਾਨਕ ਗੋਪੀ ਚੰਦ ਆਰਿਆ ਮਹਿਲਾ ਕਾਲਜ ਦੀ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਦੇ ਲਈ ਸਾਹਿੱਤ ਸਦਨ ਵਲੋਂ ਜਨਮ ਦਿਨ ਮੌਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਡਾ.ਹਾਂਡਾ ਦਾ ਜਨਮਦਿਨ ਮਨਾਉਣ ਲਈ ਇਲਾਕੇ ਦੀਆਂ ਵਿੱਦਿਅਕ ਸ਼ਖ਼ਸੀਅਤਾਂ ਕਾਲਜ ਵਿਚ ਹਾਜ਼ਰ ਸਨ | ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੂੰ ਸਾਹਿੱਤ ਸਦਨ ਦੇ ਪ੍ਰਧਾਨ ਸੂਰਿਆ ਕਾਂਤ ਰਿਣਵਾ ਨੇ ਯਾਦਗਾਰੀ ਚਿੰਨ੍ਹ ਅਤੇ ਲੇਖਕ ਪਰਿਸ਼ਦ ਦੇ ਪ੍ਰਧਾਨ ਰਾਸ ਸੰਦੋਸ਼ ਨੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਬੋਧਨ ਕਰਦੇ ਹੋਏ ਸਾਹਿੱਤ ਸਦਨ ਦੇ ਮੁਖੀ ਡਾ.ਸੰਦੀਪ ਵਾਟਸ ਨੇ ਕਿਹਾ ਕਿ ਸਿੱਖਿਆ ਸੰਤ ਅਤੇ 2 ਵਾਰ ਰਾਜ ਸਭਾ ਮੈਂਬਰ ਰਹੇ ਸਵਾਮੀ ਕੇਸ਼ਵਾਨੰਦ ਦੀ ਜੀਵਨ ਗਾਥਾ ਦਾ ਅੰਗਰੇਜ਼ੀ ਤੋਂ ਹਿੰਦੀ ਵਿਚ ਅਨੁਵਾਦ ਡਾ.ਰੇਖਾ ਸੂਧ ਹਾਂਡਾ ਨੇ ਕੀਤਾ | ਇਸ ਗ੍ਰੰਥ ਦੀ ਦੇਸ਼ ਭਰ ਵਿਚ ਖ਼ੂਬ ਚਰਚਾ ਹੋਈ ਜੋ ਕਿ ਵੱਖ-ਵੱਖ ਸੂਬਿਆਂ ਦੀਆਂ ਲਾਇਬ੍ਰੇਰੀਆਂ ਵਿਚ ਸ਼ਿੰਗਾਰ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਡਾ.ਹਾਂਡਾ ਨੇ ਨਾ ਸਿਰਫ਼ ਸਿੱਖਿਆ ਖੇਤਰ ਵਿਚ ਬਲਕਿ ਰਾਸ਼ਟਰੀ ਸੇਵਾ ਯੋਜਨਾ, ਐਨ.ਸੀ.ਸੀ, ਮਹਿਲਾ ਸ਼ਕਤੀਕਰਨ ਅਭਿਆਨ ਤੋਂ ਇਲਾਵਾ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਔਰਤਾਂ ਨੂੰ ਸਫਲ ਬਣਾਉਣ ਵਿਚ ਵਡਮੁੱਲਾ ਯੋਗਦਾਨ ਦਿੱਤਾ ਹੈ | ਯੂਨੀਵਰਸਿਟੀ ਪੱਧਰ ਦੀਆਂ ਪ੍ਰੀਖਿਆਵਾਂ ਵਿਚ ਵੀ ਉਨ੍ਹਾਂ ਦੀ ਅਗਵਾਈ ਹੇਠ ਕਾਲਜ ਨੇ ਵੱਡੇ ਕੀਰਤੀਮਾਨ ਸਥਾਪਿਤ ਕੀਤੇ ਹਨ ਜੋ ਨਾ ਸਿਰਫ਼ ਸਿੱਖਿਆ ਸੰਸਥਾਵਾਂ ਬਲਕਿ ਅਬੋਹਰ ਦੀ ਆਭਾ ਨਗਰੀ ਲਈ ਵੀ ਮਾਣ ਵਾਲੀ ਗੱਲ ਹੈ | ਰਾਜ ਸੰਦੋਸ਼ ਨੇ ਕਿਹਾ ਕਿ ਡਾ.ਰੇਖਾ ਸੂਦ ਹਾਂਡਾ ਦੀ ਕਲਮ ਕਾਵਿ ਸੰਗ੍ਰਹਿ ਨੂੰ ਪ੍ਰਕਾਸ਼ਿਤ ਕਰਦੇ ਹੋਏ ਉਨ੍ਹਾਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਾਖ਼ੂਬੀ ਉਜਾਗਰ ਕੀਤਾ | ਉਪ ਪਿ੍ੰਸੀਪਲ ਡਾ.ਸ਼ਕੁੰਤਲਾ ਮਿੱਢਾ ਨੇ ਕਵਿਤਾਵਾਂ ਦੀ ਪੰਗਤੀਆਂ ਦੇ ਨਾਲ ਪ੍ਰੋਗਰਾਮ ਨੂੰ ਚਾਰ ਚੰਦ ਲਗਾਏ | ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਸੰਦੇਸ਼ ਦਿੱਤਾ ਕਿ ਜੀਵਨ ਵਿਚ ਸਕਾਰਾਤਮਿਕ ਸੋਚ ਅਤੇ ਸੁਨਹਿਰੀ ਭਵਿੱਖ ਨੂੰ ਚਮਕਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ |