ਫ਼ਾਜ਼ਿਲਕਾ, 1 ਨਵੰਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੇ ਪ੍ਰਤਾਪ ਬਾਗ਼ ਵਿਖੇ ਈ.ਟੀ.ਟੀ ਟੈੱਟ ਪਾਸ ਯੂਨੀਅਨ ਵਲੋਂ ਬੇਰੁਜ਼ਗਾਰਾਂ ਦੀ ਇਕ ਮੀਟਿੰਗ ਬੁਲਾਈ ਗਈ | ਯੂਨੀਅਨ ਦੇ ਸੂਬਾ ਪ੍ਰਧਾਨ ਸੁਨੀਲ ਫ਼ਾਜ਼ਿਲਕਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਗਭਗ 4 ਸਾਲ ਬੀਤਣ 'ਤੇ ਆਏ ਹਨ ਪਰੰਤੂ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਕਾਡਰ ਵਿਚ ਈ.ਟੀ.ਟੀ ਦੀਆਂ ਅਸਾਮੀਆਂ ਦਾ ਇਕ ਵੀ ਨਵਾਂ ਇਸ਼ਤਿਹਾਰ ਦੇਖਣ ਨੂੰ ਨਹੀਂ ਮਿਲਿਆ | ਯੂਨੀਅਨ ਵਲੋਂ ਫ਼ਾਜ਼ਿਲਕਾ ਵਿਖੇ ਬੁਲਾਈ ਮੀਟਿੰਗ ਵਿਚ ਈ.ਟੀ.ਟੀ ਟੈੱਟ ਪਾਸ ਕਾਡਰ ਨੂੰ ਵੱਧ ਤੋਂ ਵੱਧ ਸਾਥੀ ਦੀ ਅਪੀਲ ਕੀਤੀ ਗਈ | ਉਨ੍ਹਾਂ ਦੱਸਿਆ ਕਿ ਈ.ਟੀ.ਟੀ ਦੀਆਂ ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਲਈ ਯੂਨੀਅਨ ਨੂੰ ਲਗਾਤਾਰ ਧਰਨਿਆਂ ਅਤੇ ਰੋਸ ਪ੍ਰਦਰਸ਼ਨਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਯੂਨੀਅਨ ਦੀਆਂ ਪੰਜਾਬ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਅਜੇ ਤੱਕ ਕੋਈ ਵੀ ਸਾਰਥਿਕ ਹੱਲ ਨਹੀਂ ਨਿਕਲਿਆ | ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਵਲੋਂ ਸਿਰਫ਼ ਡੰਗ ਟਪਾਊ ਨੀਤੀਆਂ ਵਰਤ ਕੇ ਸਮਾਂ ਲੰਘਾਇਆ ਜਾ ਰਿਹਾ ਹੈ ਅਤੇ ਬੇਰੁਜ਼ਗਾਰ ਅਧਿਆਪਕਾਂ ਦੀ ਜ਼ਿੰਦਗੀ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ | ਭਰਤੀ ਵਿਚ ਦੇਰੀ ਕਾਰਨ ਸਾਡੇ ਬਹੁਤ ਸਾਰੇ ਸਾਥੀਆਂ ਦੀ ਉਮਰ ਹੱਦ ਲੰਘ ਰਹੀ ਹੈ | ਮੌਜੂਦਾ ਪੰਜਾਬ ਸਰਕਾਰ ਜੋ ਕਿ ਸਿੱਖਿਆ ਦੇ ਖੇਤਰ ਵਿਚ ਬਦਲਾਅ ਲਿਆਉਣ ਨੂੰ ਲੈ ਕੇ ਸੱਤਾ ਵਿਚ ਆਈ ਸੀ ਪਰੰਤੂ ਅੱਜ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ | ਯੂਨੀਅਨ ਨੇ ਮੰਗ ਕੀਤੀ ਕਿ ਈ.ਟੀ.ਟੀ ਦੀਆਂ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਪ੍ਰਾਇਮਰੀ ਸਕੂਲਾਂ ਵਿਚ ਵੱਡੇ ਪੱਧਰ 'ਤੇ ਅਧਿਆਪਕਾਂ ਦੀ ਘਾਟ ਨੂੰ ਪੰਜਾਬ ਸਰਕਾਰ ਜਲਦੀ ਪੂਰਾ ਕਰੇ ਤਾਂ ਜੋ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲ ਸਕੇ | ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹਾ ਪੱਧਰ 'ਤੇ ਮੀਟਿੰਗਾਂ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਆਉਂਦੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ ਸੁਨੀਲ ਫ਼ਾਜ਼ਿਲਕਾ, ਉਪ ਪ੍ਰਧਾਨ ਸਲਵਿੰਦਰ ਸਿੰਘ ਅਤੇ ਹੋਰ ਯੂਨੀਅਨ ਆਗੂ ਅਤੇ ਕਾਡਰ ਸਾਥੀ ਮੌਜੂਦ ਸਨ |