ਅਬੋਹਰ, 1 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬੀ ਸਭਿਆਚਾਰਕ ਮੰਚ ਦੇ ਸੰਸਥਾਪਕ ਗੁਰਚਰਨ ਸਿੰਘ ਗਿੱਲ ਦੇ ਨਿਰਦੇਸ਼ਾਂ ਹੇਠ ਚੇਅਰਮੈਨ ਕਰਨਲ ਐੱਸ.ਪੀ.ਆਰ ਗਾਬਾ ਅਤੇ ਉਪ ਚੇਅਰਮੈਨ ਸੰਜੀਵ ਮਿੱਢਾ ਦੀ ਅਗਵਾਈ ਹੇਠ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਮੰਚ ਦੇ ਪ੍ਰਧਾਨ ਅੰਕੁਰ ਗਰਗ ਦੇ ਕਿ੍ਸ਼ਨਾ ਨਗਰੀ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਜਨਰਲ ਸਕੱਤਰ ਵਿਵੇਕ ਮੁੰਜਾਲ ਅਤੇ ਐਡਵੋਕੇਟ ਕਿਰਨ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਦੀ ਤਸਵੀਰ 'ਤੇ ਐਡਵੋਕੇਟ ਸੁਖਵੀਰ ਕੌਰ, ਰਿੰਕੂ ਮਿੱਢਾ, ਅਰੁਣ ਸਿਡਾਨਾ, ਅਨਿਲ ਗਰਗ,ਦਰੋਣ ਅਹੂਜਾ, ਨਿਤੇਸ਼ ਗੁਪਤਾ, ਰਾਹੁਲ ਅਗਰਵਾਲ ਅਤੇ ਮਯੂਰ ਗੁਪਤਾ ਨੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਮੰਚ ਦੇ ਚੇਅਰਮੈਨ ਕਰਨਲ ਐੱਸ.ਪੀ.ਆਰ ਗਾਬਾ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦੇ ਮਹੱਤਵਪੂਰਨ ਯਤਨਾਂ ਸਦਕਾ ਭਾਰਤ ਲਈ ਪ੍ਰਭੂਸੱਤਾ ਦਾ ਸਪਨਾ ਪੂਰਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸਰਦਾਰ ਪਟੇਲ ਨੇ ਨਾ ਸਿਰਫ਼ ਵੱਖ-ਵੱਖ ਰਿਆਸਤਾਂ ਨੂੰ ਕੇਂਦਰ ਸਰਕਾਰ ਅਧੀਨ ਲਿਆਂਦਾ ਬਲਕਿ ਭਾਰਤ ਨੂੰ ਵਿਕਸਿਤ ਕਰਨ ਲਈ ਕਈ ਠੋਸ ਕਦਮ ਵੀ ਚੁੱਕੇ | ਇਸ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਸੰਸਥਾ ਦੇ ਪ੍ਰਧਾਨ ਅੰਕੁਰ ਗਰਗ ਨੇ ਨੌਜਵਾਨਾਂ ਨੂੰ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਸੰਸਥਾ ਦੇ ਜਨਰਲ ਸਕੱਤਰ ਵਿਵੇਕ ਮੁੰਜਾਲ ਅਤੇ ਐਡਵੋਕੇਟ ਕਿਰਨ ਸ਼ਰਮਾ ਨੇ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |