ਅਬੋਹਰ, 1 ਨਵੰਬਰ (ਸੁਖਜੀਤ ਸਿੰਘ ਬਰਾੜ)-ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਹਰੀਪੁਰਾ ਦੇ ਵਿਦਿਆਰਥੀਆਂ ਨੇ ਬੀਤੇ ਕੱਲ੍ਹ ਅਭਿਸ਼ੇਕ ਗਰੁੱਪ ਆਫ਼ ਇਸਟੀਚਿਊਸ਼ਨਜ਼ ਵਿਖੇ ਆਯੋਜਿਤ ਇਨੋਫੈਸਟ-2025 ਪ੍ਰੋਗਰਾਮ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਪ੍ਰੋਗਰਾਮ ਦਾ ਵਿਸ਼ਾ ਪ੍ਰੋਜੈਕਟ ਡਿਸਪਲੇ ਸੀ ਅਤੇ ਕੁੱਲ 45 ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ ਸਨ | ਸਕੂਲ ਦੀਆਂ ਤਿੰਨ ਟੀਮਾਂ ਨੇ ਹਿੱਸਾ ਲਿਆ ਇਨ੍ਹਾਂ ਵਿਚੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਰੁਚਿਕਾ ਅਤੇ ਜਤਿੰਦਰਪਾਲ ਸਿੰਘ ਦੁਆਰਾ ਝੋਨੇ ਦੀ ਪਰਾਲੀ ਤੋਂ ਈਥੇਨੌਲ ਉਤਪਾਦਨ ਵਿਸ਼ੇ 'ਤੇ ਪੇਸ਼ ਕੀਤੇ ਗਏ ਪ੍ਰੋਜੈਕਟ ਨੇ ਆਪਣੀ ਨਵੀਨਤਾਕਾਰੀ ਸੋਚ ਅਤੇ ਤਕਨੀਕੀ ਹੁਨਰ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ, ਇਸ ਟੀਮ ਨੇ ਦੂਜਾ ਸਥਾਨ ਅਤੇ 3100 ਦਾ ਨਕਦ ਇਨਾਮ ਪ੍ਰਾਪਤ ਕੀਤਾ | ਇਸੇ ਤਰ੍ਹਾਂ, ਸਕੂਲ ਦੀ ਦੂਜੀ ਟੀਮ, ਹਰਮਨ ਅਤੇ ਹਰਗੁਨ ਨੇ ਤੀਜੀ ਅੱਖ ਸਿਰਲੇਖ ਵਾਲੇ ਆਪਣੇ ਪ੍ਰੋਜੈਕਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ, ਜੋ ਕਿ ਨੇਤਰਹੀਣਾਂ ਦੀ ਸਹਾਇਤਾ ਲਈ ਤਿਆਰ ਕੀਤੀ ਗਈ ਇੱਕ ਸਮਾਰਟ ਸਟਿੱਕ ਹੈ | ਇਹ ਏ.ਆਈ-ਅਧਾਰਤ ਡਿਵਾਈਸ ਉਨ੍ਹਾਂ ਦੇ ਸਾਹਮਣੇ ਵਸਤੂਆਂ ਨੂੰ ਪਛਾਣਨ ਦੇ ਸਮਰੱਥ ਹੈ | ਟੀਮ ਨੂੰ 2100 ਰੁਪਏ ਦਾ ਨਕਦ ਇਨਾਮ ਮਿਲਿਆ | ਹੋਰ ਭਾਗੀਦਾਰਾਂ ਨਿਮਰਤਪਾਲ ਅਤੇ ਅਭੀਨਵ ਨੇ ਵੀ ਆਪਣੇ ਪ੍ਰੋਜੈਕਟਾਂ ਰਾਹੀਂ ਸ਼ਲਾਘਾਯੋਗ ਯੋਗਦਾਨ ਪਾਇਆ | ਇਹ ਪੂਰਾ ਮੁਕਾਬਲਾ ਸਕੂਲ ਦੇ ਪ੍ਰੋਜੈਕਟ ਇੰਚਾਰਜ, ਸ਼੍ਰੀਮਤੀ ਪ੍ਰੀਤੀ ਬਿਸ਼ਨੋਈ ਅਤੇ ਜਸਬੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਮਾਣ ਪ੍ਰਗਟ ਕੀਤਾ ਅਤੇ ਕਿਹਾ ਕਿ ਅਜਿਹੇ ਨਵੀਨਤਾਕਾਰੀ ਯਤਨ ਵਿਦਿਆਰਥੀਆਂ ਵਿਚ ਵਿਗਿਆਨਕ ਰਵੱਈਏ ਅਤੇ ਰਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ |