ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਅਰਪਿਤ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਸੁਨੀਤਾ ਕੰਬੋਜ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਦੇਖ ਰੇਖ ਵਿਚ ਸਿਹਤ ਵਿਭਾਗ ਵਲੋਂ ਡੇਂਗੂ ਖ਼ਿਲਾਫ਼ ਗਤੀਵਿਧੀਆਂ ਜਾਰੀ ਹਨ | ਡਾ ਰੋਹਿਤ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਓਡਾਂ ਵਾਲੀ ਬਸਤੀ, ਕਾਸ਼ੀ ਰਾਮ ਕਾਲੋਨੀ, ਅਨੰਦਪੁਰ ਮੁਹੱਲਾ, ਰਾਧਾ ਸੁਆਮੀ ਕਾਲੋਨੀ ਅਤੇ ਅੰਨ੍ਹੀ ਦਿੱਲੀ ਵਿਖੇ ਡੇਂਗੂ ਖ਼ਿਲਾਫ਼ ਗਤੀਵਿਧੀਆਂ ਕਰਦੇ ਹੋਏ ਘਰ-ਘਰ ਜਾ ਕੇ ਫ਼ਰਿਜਾਂ ਦੀ ਟਰੇਆਂ, ਗਮਲੇ, ਖੁੱਲੇ੍ਹ ਬਰਤਨਾਂ, ਪਾਣੀ ਦੀਆਂ ਟੈਂਕੀਆਂ ਅਤੇ ਪਾਣੀ ਖੜ੍ਹਨ ਵਾਲੇ ਹੋਰ ਸੋਮਿਆਂ ਨੂੰ ਚੈੱਕ ਗਿਆ, ਲਾਰਵਾ ਲੱਭ ਕੇ ਨਸ਼ਟ ਕੀਤਾ ਗਿਆ ਅਤੇ ਡੇਂਗੂ ਤੋਂ ਬਚਣ ਲਈ ਜਾਗਰੂਕ ਗਿਆ | ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਫੋਗਿੰਗ ਅਤੇ ਸਪਰੇਅ ਵੀ ਕਰਵਾਈ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਆ ਰਹੀਆਂ ਟੀਮਾਂ ਨੂੰ ਸਹਿਯੋਗ ਦੇਣ ਤਾਂ ਜੋ ਡੇਂਗੂ ਦਾ ਪਸਾਰ ਨੂੰ ਰੋਕਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਜਿਸ ਕਿਸੇ ਨੂੰ ਵੀ ਬੁਖ਼ਾਰ, ਜ਼ੁਕਾਮ, ਥਕਾਵਟ ਆਦਿ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਸਿਵਲ ਹਸਪਤਾਲ ਵਿਖੇ ਜਾ ਕੇ ਆਪਣੀ ਜਾਂਚ ਕਰਵਾਉਣ, ਡੇਂਗੂ ਦਾ ਟੈੱਸਟ ਹਸਪਤਾਲ ਵਿਖੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਡਾ ਸੁਨੀਤਾ ਕੰਬੋਜ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਡੇਂਗੂ ਦੂਸ਼ਿਤ ਏਡਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ | ਇਸ ਲਈ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ |