ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਲਈ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਪੂਜਾ ਲੂਥਰਾ ਸਚਦੇਵਾ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸ ਕੜੀ ਤਹਿਤ ਸਲੇਮਸ਼ਾਹ ਰੋਡ ਸਥਿਤ ਆਪਣੇ ਦਫ਼ਤਰ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਸਿਵਲ ਲਾਈਨ ਖੇਤਰ ਦੇ ਨੌਜਵਾਨ ਖਿਡਾਰੀਆਂ ਨੂੰ ਕਿ੍ਕਟ ਦਾ ਸਮਾਨ ਵੰਡਿਆ ਗਿਆ | ਇਸ ਮੌਕੇ ਡਾ. ਬੀ. ਡੀ. ਸਚਦੇਵਾ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਅਜੈ ਸਚਦੇਵਾ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਜੋਸ਼ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ | ਇਸ ਮੌਕੇ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ ਬਲਕਿ ਇਹ ਜੀਵਨ ਦੇ ਹਰ ਖੇਤਰ ਵਿਚ ਸਫਲਤਾ ਹਾਸਲ ਕਰਨ ਦਾ ਰਸਤਾ ਦਿਖਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਨੌਜਵਾਨ ਆਪਣੇ ਜੀਵਨ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹੈ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰੱਖਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ | ਪੂਜਾ ਲੂਥਰਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਨਸ਼ਿਆਂ ਦੀ ਬਜਾਏ ਖੇਡਾਂ ਨੂੰ ਅਪਣਾਉਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਅੱਗੇ ਵਧਣ | ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਬੱਚੇ ਖ਼ੁਦ ਸਾਡੇ ਕੋਲ ਆ ਕੇ ਖੇਡਾਂ ਦੇ ਸਮਾਨ ਦੀ ਮੰਗ ਕਰਦੇ ਹਨ | ਇਹ ਦਰਸਾਉਂਦਾ ਹੈ ਕਿ ਉਹ ਖੇਡਾਂ ਵਿਚ ਦਿਲਚਸਪੀ ਲੈ ਰਹੇ ਹਨ | ਇਸ ਮੌਕੇ ਸਮਾਜਸੇਵੀ ਅਜੈ ਸਚਦੇਵਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤੰਦਰੁਸਤੀ ਅਤੇ ਭਵਿੱਖ ਲਈ ਖੇਡਾਂ ਨੂੰ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ | ਇਸ ਸਮਾਗਮ ਦੌਰਾਨ ਨੌਜਵਾਨ ਖਿਡਾਰੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੌਂਸਲਰ ਪੂਜਾ ਲੂਥਰਾ ਸਚਦੇਵਾ ਅਤੇ ਸਮਾਜਸੇਵੀ ਅਜੈ ਸਚਦੇਵਾ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਹੌਸਲਾ ਮਿਲਦਾ ਰਿਹਾ ਤਾਂ ਉਹ ਜ਼ਰੂਰ ਆਪਣੇ ਹੁਨਰ ਰਾਹੀਂ ਇਲਾਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ |