ਅਬੋਹਰ, 18 ਦਸੰਬਰ (ਵਿਵੇਕ ਹੂੜੀਆ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਅਬੋਹਰ ਨੇ ਦੱਤਾ ਅਤੇ ਪਿਆਸਾ ਟੀਚਰਜ਼ ਹੋਮ ਵਿਚ ਪੈਨਸ਼ਨਰਜ਼ ਦਿਵਸ ਮਨਾਇਆ ਗਿਆ | 77 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਪੈਨਸ਼ਨਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ, ਅਤੇ ਕਈ ਪੈਨਸ਼ਨਰਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤੇ ਗਏ | ਇਸ ਮੌਕੇ ਡਾ. ਰਮੇਸ਼ ਵਰਮਾ, ਸੇਵਾਮੁਕਤ ਡਿਪਟੀ ਡਾਇਰੈਕਟਰ, ਸਿਹਤ ਵਿਭਾਗ, ਪੰਜਾਬ, ਮੁੱਖ ਮਹਿਮਾਨ ਸਨ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਆਤਮਾ ਸਿੰਘ ਧਾਲੀਵਾਲ, ਸੇਵਾਮੁਕਤ ਹੈੱਡ ਮਾਸਟਰ, ਰਾਜਸਥਾਨ ਵਲੋਂ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਦਵਿੰਦਰ ਪ੍ਰਕਾਸ਼ ਨਾਰੰਗ ਵਲੋਂ ਸ਼ਬਦ ਗਾਇਣ ਕਰ ਕੀਤੀ ਗਈ | ਮੁੱਖ ਬੁਲਾਰੇ ਵਜੋਂ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਸਿੰਘ ਖਹਿਰਾ ਅਤੇ ਜਨਰਲ ਸਕੱਤਰ ਚੇਤਨ ਪ੍ਰਕਾਸ਼ ਬੁਲੰਦੀ ਨੇ ਪੰਜਾਬ ਸਰਕਾਰ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਬਾਕੀ ਮੰਗਾਂ ਨੂੰ ਤੁਰੰਤ ਮਨਜ਼ੂਰ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਤਨਖ਼ਾਹ ਕਮਿਸ਼ਨ ਵਲੋਂ ਨਿਰਧਾਰਿਤ 2.59 ਫਿਟਮੈਂਟ ਫੈਕਟਰ 1 ਜਨਵਰੀ, 2016 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ | ਇਸ ਤੋਂ ਇਲਾਵਾ, ਮੁੱਖ ਮੰਗਾਂ ਵਿਚ 1 ਜਨਵਰੀ, 2016 ਤੱਕ ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਦੀ ਇੱਕ ਮੁਸ਼ਤ ਅਦਾਇਗੀ ਕਰਨਾ, ਨਕਦੀ ਰਹਿਤ ਸਿਹਤ ਯੋਜਨਾ ਨੂੰ ਤੁਰੰਤ ਲਾਗੂ ਕਰਨਾ, ਨਿਰਧਾਰਿਤ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਨਾ ਅਤੇ ਡਾਕਟਰੀ ਅਦਾਇਗੀ ਲਈ 6 ਮਹੀਨਿਆਂ ਦੀ ਸਮਾਂ ਸੀਮਾ ਨਿਰਧਾਰਿਤ ਕਰਨਾ ਸ਼ਾਮਲ ਸੀ | ਸ੍ਰੀ ਬੁਲੰਦੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੈਨਸ਼ਨਰਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਵਾਲੇ ਪੱਤਰਾਂ ਨੂੰ ਸਰਕਾਰ ਤੁਰੰਤ ਵਾਪਸ ਲਵੇ | ਇਸ ਮੌਕੇ 'ਤੇ ਟੀਚਰਜ਼ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ, ਭੁਪਿੰਦਰ ਉਤਰੇਜਾ, ਨਵਤੇਜ ਸਿੰਘ, ਅਸ਼ਵਨੀ ਭੱਲਾ, ਅਮਰ ਲਾਲ ਤਰੂਵਰ, ਰਾਮ ਨਾਥ, ਰਾਮ ਪ੍ਰਤਾਪ, ਸ਼ਿਵਰਾਜ ਭੂਸ਼ਨ, ਸੁਭਾਸ਼ ਚੰਦਰ ਸਮੇਤ ਪੂਰੀ ਟੀਮ ਨੇ ਮਹਿਮਾਨਾਂ ਅਤੇ ਪੈਨਸ਼ਨਰਾਂ ਦਾ ਸਵਾਗਤ ਕੀਤਾ | ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਾਬਕਾ ਕੈਸ਼ੀਅਰ ਸੁਭਾਸ਼ ਚੰਦਰ ਸ਼ਰਮਾ ਨੂੰ ਕੈਸ਼ੀਅਰ ਵਜੋਂ ਉਨ੍ਹਾਂ ਦੀ ਲੰਬੀ ਸੇਵਾ ਲਈ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 77 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਪੈਨਸ਼ਨਰਾਂ ਵਿਚੋਂ ਜੱਗਾ ਸਿੰਘ ਸੋਹਲ, ਫੂਲ ਚੰਦ, ਵੇਦ ਪ੍ਰਕਾਸ਼ ਬਠਲਾ, ਠਾਕੁਰ ਦਾਸ, ਹਰੀ ਸ਼ੰਕਰ, ਕਰਨੈਲ ਸਿੰਘ, ਰਮੇਸ਼ ਬਜਾਜ, ਹਰਬੰਸ ਸਿੰਘ ਗਿੱਲ, ਸ਼੍ਰੀਮਤੀ ਪ੍ਰਕਾਸ਼ ਕੌਰ, ਸ਼੍ਰੀਮਤੀ ਊਸ਼ਾ ਰਾਣੀ, ਸ਼੍ਰੀਮਤੀ ਸਵਰਨ ਕਾਂਤਾ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਚ ਸੁਭਾਸ਼ ਵਰਮਾ ਵੱਲੋਂ ਗੀਤ ਅਤੇ ਅਮਰ ਲਾਲ ਤਰੂਵਰ ਵੱਲੋਂ ਖ਼ੁਦ ਲਿਖੀ ਕਵਿਤਾ ਗਾ ਕੇ ਮਨੋਰੰਜਨ ਕੀਤਾ ਗਿਆ | ਪ੍ਰੋਗਰਾਮ ਵਿਚ ਸੂਰਜਾ ਰਾਮ ਅਤੇ ਰਾਮ ਲੁਭਾਇਆ ਸਮੇਤ ਸਾਰੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |