ਫ਼ਾਜ਼ਿਲਕਾ, 22 ਦਸੰਬਰ (ਅਮਰਜੀਤ ਸ਼ਰਮਾ)-ਆਓ ਵਿਗਿਆਨਕ ਤਰੀਕੇ ਨਾਲ ਸੋਚੀਏ ਸਿਰਜਣਾ ਕਰੀਏ ਅਤੇ ਨਵੀਨਤਾ ਲਿਆਈਏ, ਇਸੇ ਸੰਦੇਸ਼ ਦੇ ਨਾਲ ਆਤਮ ਵੱਲਭ ਪਬਲਿਕ ਸਕੂਲ ਕੈਂਪਸ ਵਿਚ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਵਿਗਿਆਨ ਮੇਲੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਵਿਗਿਆਨ ਮੇਲੇ ਵਿਚ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਰੋਲ ਨੰਬਰ ਅਨੁਸਾਰ ਵਿਸ਼ੇ ਵੰਡੇ ਗਏ ਸਨ, ਜਿਨ੍ਹਾਂ 'ਤੇ ਆਧਾਰਿਤ ਮਾਡਲਾਂ ਅਤੇ ਪ੍ਰਯੋਗਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ | ਛੇਵੀਂ, ਸੱਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਵਾਤਾਵਰਨ ਵਿਗਿਆਨ, ਨਵਿਆਉਣ ਯੋਗ ਊਰਜਾ ਅਤੇ ਆਧੁਨਿਕ ਤਕਨੀਕ ਨਾਲ ਸਬੰਧਿਤ ਕਈ ਆਕਰਸ਼ਕ ਮਾਡਲ ਪੇਸ਼ ਕੀਤੇ | ਇਨ੍ਹਾਂ ਵਿਚ ਗ਼ੁਬਾਰੇ ਨਾਲ ਚੱਲਣ ਵਾਲੀ ਕਾਰ, ਵਰਖਾ ਦੇ ਪਾਣੀ ਦੀ ਸੰਭਾਲ, ਪੈਰੀਸਕੋਪ, ਹਾਈਡਰੌਲਿਕ ਲਿਫ਼ਟ, ਚੁੰਬਕੀ ਉਤੋਲਨ, ਡੀ.ਐਨ.ਏ ਮਾਡਲ, ਭੂਚਾਲ ਡਿਟੈਕਟਰ, ਸੂਰਜੀ ਮੰਡਲ, ਹੀਮੋਡਾਇਲਸਿਸ, ਰਾਕੇਟ ਲਾਂਚਰ ਸਮੇਤ ਕਈ ਦਿਲਚਸਪ ਅਤੇ ਗਿਆਨ ਵਰਧਕ ਪ੍ਰਯੋਗ ਸ਼ਾਮਲ ਸਨ | ਵਿਦਿਆਰਥੀਆਂ ਨੇ ਆਪਣੇ ਪ੍ਰੋਜੈਕਟਾਂ ਰਾਹੀਂ ਵਿਗਿਆਨਕ ਸਿਧਾਂਤਾਂ ਨੂੰ ਸਰਲ ਅਤੇ ਦਿਲਚਸਪ ਤਰੀਕੇ ਨਾਲ ਸਮਝਾਇਆ, ਜਿਸ ਦੀ ਅਧਿਆਪਕਾਂ ਅਤੇ ਹਾਜ਼ਰ ਮਹਿਮਾਨਾਂ ਨੇ ਭਰਪੂਰ ਸ਼ਲਾਘਾ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪਿ੍ੰਸੀਪਲ ਵੱਲੋਂ ਕੀਤੀ ਗਈ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅਜਿਹੇ ਆਯੋਜਕਾਂ ਨਾਲ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ, ਖੋਜ ਦੀ ਪ੍ਰਵਿਰਤੀ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ | ਵਿਗਿਆਨ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਰਹਿਨੁਮਾਈ ਕਰਦਿਆਂ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸਕੂਲ ਦੇ ਪ੍ਰਧਾਨ ਰਮਨ ਕੁਮਾਰ ਵਾਟਸ, ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਸੰਗੀਤਾ ਤਿੰਨਾ, ਐਗਜ਼ੀਕਿਊਟਿਵ ਡਾਇਰੈਕਟਰ ਦੀਪਕ ਸ਼ਰਮਾ, ਵਾਈਸ ਪਿ੍ੰਸੀਪਲ ਸ਼੍ਰੀਮਤੀ ਸੀਮਾ ਸ਼ਰਮਾ, ਪੀ.ਟੀ.ਏ ਪ੍ਰਧਾਨ ਨਰਿੰਦਰ ਸਚਦੇਵਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਵਿਗਿਆਨ ਮੇਲੇ ਨਾਲ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਵਧਿਆ ਹੈ ਅਤੇ ਵਿਗਿਆਨ ਦੇ ਖੇਤਰ ਵਿਚ ਅੱਗੇ ਵਧਣ ਦੀ ਨਵੀਂ ਪ੍ਰੇਰਨਾ ਮਿਲੀ ਹੈ |