ਫ਼ਿਰੋਜ਼ਪੁਰ, 25 ਦਸੰਬਰ (ਰਾਕੇਸ਼ ਚਾਵਲਾ)-ਥਾਣਾ ਕੈਂਟ ਫ਼ਿਰੋਜ਼ਪੁਰ ਦੀ ਪੁਲਿਸ ਖ਼ੁਦ ਨੂੰ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੋਂ ਵੱਡਾ ਸਮਝਦੇ ਹੋਏ ਨਿਰਧਾਰਿਤ ਹੁਕਮਾਂ ਦੀਆਂ ਧੱਜੀਆਂ ਉਡਾ ਰਹੀ ਹੈ | ਇੱਥੋਂ ਤੱਕ ਕਿ ਡੀ.ਐੱਸ.ਪੀ ਰੈਂਕ ਦੇ ਅਫ਼ਸਰ ਆਪਣੇ ਅਧੀਨ ਥਾਣਾ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਅਣਦੇਖਾ ਕਰ ਲੋਕਾਂ ਨਾਲ ਧੱਕਾ ਕਰ ਰਹੇ ਹਨ | ਅਜਿਹਾ ਇਕ ਮਾਮਲਾ ਥਾਣਾ ਕੈਂਟ ਦਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਚਹਿਰੀ ਦੇ ਸੀਨੀਅਰ ਵਕੀਲ ਮੇਹਰ ਸਿੰਘ ਮੱਲ ਨੇ ਦੱਸਿਆ ਕਿ ਥਾਣਾ ਕੈਂਟ ਪੁਲਿਸ ਵਲੋਂ 12 ਦਸੰਬਰ ਨੂੰ ਐੱਫ.ਆਈ.ਆਰ ਨੰਬਰ 177 ਦਰਜ ਕੀਤੀ ਗਈ ਸੀ | ਜਿਸ ਵਿਚ ਮੁੱਦਈ ਸੋਹਣ ਲਾਲ ਪੁੱਤਰ ਕਿ੍ਸ਼ਨ ਚੰਦ ਦੇ ਬਿਆਨ 'ਤੇ ਨਰੇਸ਼ ਕੁਮਾਰ, ਬਿੰਦਰ ਕੁਮਾਰ, ਦੀਪਕ ਕੁਮਾਰ ਪੁੱਤਰ ਸੰਤ ਲਾਲ ਅਤੇ ਕੇਸ਼ਵ ਪੁੱਤਰ ਨਰੇਸ਼ ਕੁਮਾਰ ਵਾਸੀ ਬਾਜ਼ਾਰ ਨੰਬਰ 2 ਫ਼ਿਰੋਜ਼ਪੁਰ ਛਾਉਣੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ | ਇਸ ਮਾਮਲੇ 'ਚ ਨਾਮਜ਼ਦ ਬਿੰਦਰ ਕੁਮਾਰ ਦੇ ਵਕੀਲ ਮੇਹਰ ਸਿੰਘ ਮੱਲ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ 'ਚ ਸੱਚ ਨੂੰ ਸਾਹਮਣੇ ਲਿਆਉਣ ਅਤੇ ਝੂਠੇ ਪਰਚੇ ਬਾਬਤ ਇਨਕੁਆਰੀ ਲਗਵਾਈ ਗਈ ਸੀ | ਇਸੇ ਦਰਮਿਆਨ ਝੂਠ ਸੱਚ ਦਾ ਨਿਤਾਰਾ ਕਰਨ ਦੀ ਬਜਾਏ ਥਾਣਾ ਕੈਂਟ ਪੁਲਿਸ ਨੇ ਆਪਣੇ ਸਿਆਸੀ ਅਕਾਵਾਂ ਨੂੰ ਖ਼ੁਸ਼ ਕਰਨ ਲਈ ਹਫ਼ੜਾ-ਦਫ਼ੜੀ 'ਚ ਬਿੰਦਰ ਕੁਮਾਰ ਨੂੰ ਬੁੱਧਵਾਰ ਸ਼ਾਮ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਅਦਾਲਤਾਂ 'ਚ ਸਰਦੀ ਦੀਆਂ ਛੁੱਟੀਆਂ ਦਾ ਫ਼ਾਇਦਾ ਲੈਣ ਲਈ ਆਪਣੀ ਸਿਆਣਪ ਵਰਤੀ ਤਾਂ ਕਿ ਬਿੰਦਰ ਕੁਮਾਰ ਦੀ ਜ਼ਮਾਨਤ ਨਾ ਹੋ ਸਕੇ | ਵਕੀਲ ਮੇਹਰ ਸਿੰਘ ਮੱਲ ਨੇ ਦੱਸਿਆ ਕਿ ਬਿੰਦਰ ਕੁਮਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਬਿਨਾਂ ਨੋਟਿਸ ਦਿੱਤੇ ਗਿ੍ਫ਼ਤਾਰ ਕੀਤਾ ਗਿਆ ਸੀ | ਜਿਸ ਦੇ ਚੱਲਦੇ ਉਨ੍ਹਾਂ ਨੇ ਸਬੰਧਿਤ ਡੀ. ਐੱਸ.ਪੀ ਦੇ ਧਿਆਨ 'ਚ ਇਹ ਗੱਲ ਲਿਆਂਦੀ ਪਰ ਵਰਦੀ ਦੇ ਗਰੂਰ ਅੱਗੇ ਬਿੰਦਰ ਕੁਮਾਰ ਦੀ ਪੇਸ਼ ਨਹੀਂ ਚਲੀ | ਥਾਣਾ ਕੈਂਟ ਪੁਲਿਸ ਨੇ ਬਿੰਦਰ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਅੱਜ ਡਿਊਟੀ ਮੈਜਿਸਟਰੇਟ ਕਮ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਰਜਿੰਦਰ ਸਿੰਘ ਤੇਜ਼ੀ ਦੀ ਅਦਾਲਤ 'ਚ ਪੇਸ਼ ਕੀਤਾ ਤਾਂ ਸੀਨੀਅਰ ਵਕੀਲ ਮੇਹਰ ਸਿੰਘ ਮੱਲ ਨੇ ਜੱਜ ਸਾਹਿਬ ਨੂੰ ਦੱਸਿਆ ਕਿ ਥਾਣਾ ਕੈਂਟ ਪੁਲਿਸ ਨੇ ਸੁਪਰੀਮ ਕੋਰਟ ਦੇ ਸਤਿੰਦਰ ਕੁਮਾਰ ਅੰਤਿਲ ਬਨਾਮ ਸੀ.ਬੀ.ਆਈ ਤਹਿਤ ਨਿਰਦੇਸ਼ਾਂ ਦੀ ਉਲੰਘਣਾ ਕਰ ਗਿ੍ਫ਼ਤਾਰੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੈ | ਜਿਸ ਨਾਲ ਸਹਿਮਤ ਹੰਦੇ ਹੋਏ ਜੱਜ ਰਜਿੰਦਰ ਸਿੰਘ ਤੇਜ਼ੀ ਨੇ ਬਿੰਦਰ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ | ਬਿੰਦਰ ਕੁਮਾਰ ਦੇ ਵਕੀਲ ਮੇਹਰ ਸਿੰਘ ਮੱਲ ਨੇ ਅੱਗੇ ਦੱਸਿਆ ਕਿ ਉਹ ਕੈਂਟ ਪੁਲਿਸ ਵਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਕੰਨਟੈਂਪਟ ਪਾ ਕੇ ਦੋਸ਼ੀ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ |