ਬੱਲੂਆਣਾ, 29 ਦਸੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਅੰਦਰ ਦਿਨੋਂ ਦਿਨ ਵਧ ਰਹੀ ਬੇਸਹਾਰਾ ਪਸ਼ੂਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਜਿੱਥੇ ਇਨ੍ਹਾਂ ਬੇਸਹਾਰਾ ਪਸ਼ੂਆਂ ਨਾਲ ਨਿੱਤ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ ਉੱਥੇ ਇਹ ਬੇਸਹਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ | ਭਾਵੇਂ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸਾਂਭਣ ਲਈ ਹਲਕੇ ਅੰਦਰ ਗਊਸ਼ਾਲਾਵਾਂ ਵੀ ਬਣੀਆਂ ਹਨ, ਪਰ ਉੱਥੇ ਕੇਵਲ ਗਊਆਂ ਨੂੰ ਹੀ ਸਾਂਭਿਆ ਜਾਂਦਾ ਹੈ | ਹਜ਼ਾਰਾਂ ਦੀ ਤਾਦਾਦ ਵਿਚ ਘੁੰਮਦੇ ਅਮਰੀਕੀ ਢੱਠੇ ਆਦਿ ਨੂੰ ਕੋਈ ਵੀ ਗਊਸ਼ਾਲਾ ਸਾਂਭਣ ਲਈ ਤਿਆਰ ਨਹੀਂ | ਇਲਾਕੇ ਦੇ ਲੋਕਾਂ ਅਤੇ ਕਿਸਾਨ ਦੀ ਮੌਕੇ ਦੀ ਸਰਕਾਰ ਤੋਂ ਮੰਗ ਹੈ ਕਿ ਜਾ ਤਾਂ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਕੋਈ ਸਪੈਸ਼ਲ ਗਊਸ਼ਾਲਾ ਬਣਾਈ ਜਾਵੇ ਜਾ ਫਿਰ ਕੋਈ ਹੋਰ ਹੱਲ ਲੱਭਿਆ ਜਾਵੇ ਤਾਂ ਕਿ ਕੀਮਤੀ ਜਾਨਾਂ ਬਚ ਸਕਣ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਨਾ ਹੋਵੇ | ਭਾਵੇਂ ਕਿਸਾਨਾਂ ਨੇ ਲੱਖਾਂ ਰੁਪਏ ਲਗਾ ਕੇ ਆਪਣੇ ਖੇਤਾਂ ਵਿਚ ਤਾਰ ਬੰਦੀ ਕੀਤੀ ਹੋਈ ਹੈ ਫਿਰ ਵੀ ਕੜਾਕੇ ਦੀ ਠੰਢ ਵਿਚ ਕਿਸਾਨ ਖੇਤਾਂ ਵਿਚ ਸੌਣ ਲਈ ਮਜਬੂਰ ਹਨ |