ਵੇਰਕਾ, 1 ਜੂਨ (ਪਰਮਜੀਤ ਸਿੰਘ ਬੱਗਾ)-ਥਾਣਾ ਸਦਰ ਖੇਤਰ ਵਿਚ ਪੈਂਦੀ ਮਜੀਠਾ ਬਾਈਪਾਸ ਨੇੜਲੀ ਗ੍ਰਾਮ ਪੰਚਾਇਤ ਰਾਮ ਨਗਰ ਕਲੋਨੀ ਵਿਚ ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨਾਂ ਦੇ ਗਰੁੱਪ ਦੁਆਰਾ ਇਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ | ਇਸ ਗੋਲੀਆਂ ਚਲਾਉਣ ਦੀ ਵਾਰਦਾਤ ਨਾਲ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਗੋਲੀਆਂ ਚੱਲਣ ਨਾਲ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ | ਨੌਜਵਾਨ ਸਹਿਜਦੀਪ ਸਿੰਘ ਪੁੱਤਰ ਮਰਹੂਮ ਮਲਕੀਤ ਸਿੰਘ ਵਾਸੀ ਰਾਮ ਨਗਰ ਕਾਲੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਕੁਝ ਨੌਜਵਾਨਾਂ ਦਾ ਝਗੜਾ ਹੋਇਆ ਸੀ ਤੇ ਉਸਨੇ ਇਕ ਧਿਰ ਦੀ ਮੱਦਦ ਕੀਤੀ ਸੀ, ਜਿਸਦੀ ਰੰਜਿਸ਼ ਰੱਖਦਿਆਂ ਅੱਜ ਜਦ ਉਹ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਜਾ ਰਿਹਾ ਸੀ ਤਦ ਦੂਸਰੀ ਧਿਰ ਦੇ ਇਸੇ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਅੰਸ਼ ਤੇ ਚਾਂਦ ਨੇ ਉਸਨੂੰ ਰੋਕ ਲਿਆ ਤੇ ਕੁੱਟਮਾਰ ਕੀਤੀ, ਪਰ ਉਹ ਮੌਕਾ ਵੇਖ ਕੇ ਉਥੋਂ ਭੱਜ ਕੇ ਘਰ ਆ ਗਿਆ, ਜਿਸ ਉਪਰੰਤ ਸ਼ਾਮ ਨੂੰ ਉਕਤ ਨੌਜਵਾਨਾਂ ਨੇ ਆਪਣੇ ਤਿੰਨ ਹੋਰਨਾਂ ਸਾਥੀਆਂ ਨਾਲ ਘਰ ਆਏ ਤੇ ਉਸਨੂੰ ਬਾਹਰ ਆਵਾਜ਼ ਮਾਰਨ ਉਪਰੰਤ ਆਪਣੇ ਨਾਲ ਲਿਆਂਦੇ ਰਿਵਾਲਵਰ ਨਾਲ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਵਾਲ-ਵਾਲ ਬੱਚ ਗਿਆ ਤੇ ਨਾਲ ਵਾਲੀ ਡੇਅਰੀ ਵਿਚ ਲੁੱਕ ਕੇ ਆਪਣੀ ਜਾਨ ਬਚਾਈ | ਇਸ ਮਾਮਲੇ ਦੀ ਜਾਣਕਾਰੀ ਦਿੱਤੇ ਜਾਣ ਤੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਜਾਣਕਾਰੀ ਹਾਸਲ ਕਰਨ ਉਪਰੰਤ ਜਾਂਚ ਦੀ ਜ਼ਿੰਮੇਵਾਰੀ ਐੱਸ. ਆਈ. ਹੰਸ ਰਾਜ ਨੂੰ ਸੌਂਪੀ ਗਈ ਜਿਨ੍ਹਾਂ ਦੱਸਿਆ ਕਿ ਨੌਜਵਾਨ ਸਹਿਜਦੀਪ ਸਿੰਘ ਦੁਆਰਾ ਦਿੱਤੇ ਬਿਆਨਾਂ 'ਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਰਾਮ ਨਗਰ ਕਾਲੋਨੀ 'ਚ ਚੱਲੀਆਂ ਗੋਲੀਆਂ
ਅਜੀਤ ਡੈਸਕ
02-06-2025