ਗੜ੍ਹਸ਼ੰਕਰ, 1 ਜੂਨ (ਧਾਲੀਵਾਲ)-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੇ ਨਿਰਮਾਣ ਲਈ ਪਿਛਲੇ ਸਾਲਾਂ ਤੋਂ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸੰਤਾਂ ਵਲੋਂ ਕੀਤੇ ਜਾ ਰਹੇ ਮਹਾਨ ਕਾਰਜ ਵਿਚ ਹਿੱਸਾ ਪਾਉਂਦੇ ਹੋਏ ਗੁਰਦੁਆਰਾ ਬਾਬਾ ਗੰਗ ਦਾਸ ਘਾਗੋਂ ਗੁਰੂ ਦੀ ਸੰਗਤ ਵਲੋਂ ਕਾਰ ਸੇਵਾ ਦੇ ਕਾਰਜ ਵਿਚ 3 ਲੱਖ 72 ਹਜ਼ਾਰ 700 ਰੁਪਏ ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ ਹੈ | ਗੁਰਦੁਆਰਾ ਬਾਬਾ ਗੰਗ ਦਾਸ ਘਾਗੋਂ ਗੁਰੂ ਦੇ ਮੁੱਖ ਪ੍ਰਬੰਧਕ ਭਾਈ ਗੁਰਬਖ਼ਸ਼ ਸਿੰਘ ਨੇ ਸੰਤ ਬਾਬਾ ਸੁੱਚਾ ਸਿੰਘ ਨੂੰ ਰਾਸ਼ੀ ਸੌਂਪਦੇ ਹੋਏ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸੰਤਾਂ-ਮਹਾਂਪੁਰਸ਼ਾਂ ਵਲੋਂ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ | ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਇਤਿਹਾਸਕ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਗੁਰਧਾਮਾਂ 'ਤੇ ਜਾਣ ਵਾਲੀ ਸੰਗਤ ਲਈ ਸ੍ਰੀ ਅਨੰਦਪੁਰ ਸਾਹਿਬ ਸੜਕ ਦਾ ਕਰੋੜਾਂ ਰੁਪਏ ਖ਼ਰਚ ਕਰਕੇ ਇਤਿਹਾਸਕ ਸੁਧਾਰ ਕਰਨਾ ਇਕ ਵੱਡਾ ਕਾਰਜ ਹੈ ਤੇ ਇਸ ਕਾਰਜ ਵਿਚ ਸਰਬੱਤ ਸੰਗਤਾਂ ਨੂੰ ਵੱਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ | ਇਸ ਮੌਕੇ ਸੰਤ ਬਾਬਾ ਸੁੱਚਾ ਸਿੰਘ ਨੇ ਗੁਰੂ ਘਰ ਅਤੇ ਪ੍ਰਬੰਧਕਾਂ ਸਮੇਤ ਸੰਗਤਾਂ ਦਾ ਸੇਵਾ ਦੇ ਕਾਰਜ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ | ਇਸ ਮੌਕੇ ਅਕਾਲੀ ਆਗੂ ਤੇ ਸਰਪੰਚ ਹਵੇਲੀ ਦੇ ਮਾਲਕ ਜੋਗਾ ਸਿੰਘ ਇਬਰਾਹੀਮਪੁਰ, ਮਾ. ਸੰਤੋਖ ਸਿੰਘ, ਗੁਰਪਾਲ ਸਿੰਘ ਰੋੜ ਮਜਾਰਾ, ਦਿਲਜੀਤ ਸਿੰਘ ਜੇ.ਈ., ਨੰਬਰਦਾਰ ਜੋਗਾ ਸਿੰਘ, ਬਾਬਾ ਸਤਨਾਮ ਸਿੰਘ ਆਦਿ ਹਾਜ਼ਰ ਸਨ |