ਰਾਜਾਸਾਂਸੀ, 2 ਜੂਨ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਦੇ ਘੇਰੇ ਅਧੀਨ ਆਉਂਦੇ ਤਪੱਸਵੀ ਸੰਤ ਬਾਬਾ ਜਵੰਦ ਸਿੰਘ ਦੇ ਤੱਪ ਅਸਥਾਨ ਗੁਰਦੁਆਰਾ ਸੰਤਸਰ ਸਾਹਿਬ ਨੂੰ ਏਅਰਪੋਰਟ ਅਥਾਰਟੀ ਵਲੋਂ ਕੱਲ੍ਹ ਤੋਂ ਸੰਗਤਾਂ ਵਾਲੇ ਦਰਸ਼ਨਾਂ ਲਈ ਖੋਲਿਆ ਜਾਵੇਗਾ | ਦੱਸਣਯੋਗ ਹੈ ਕਿ ਇਹ ਉਕਤ ਗੁਰਦੁਆਰਾ ਸਾਹਿਬ ਭਾਰਤੀ ਫੌਜ ਵਲੋਂ ਆਪਰੇਸ਼ਨ ਸੰਦੂਰ ਕਰਨ ਤੋਂ ਬਾਅਦ ਬੀਤੇ 7 ਮਈ ਨੂੰ ਹਵਾਈ ਅੱਡੇ ਦੇ ਨਾਲ ਹੀ ਬੰਦ ਕਰ ਦਿੱਤਾ ਗਿਆ ਸੀ | ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਾਹਰੋਂ ਪੁੱਜੀਆਂ ਸੰਗਤਾਂ ਲਈ ਬਾਹਰਲਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ, ਜਦੋਂ ਕਿ ਹਵਾਈ ਅੱਡਾ ਬੀਤੇ 14 ਮਈ ਨੂੰ ਹੀ ਖੋਲ ਦਿੱਤਾ ਗਿਆ ਸੀ, ਪਰ ਗੁਰਦੁਆਰਾ ਸਾਹਿਬ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਬੰਦ ਰੱਖਿਆ ਹੋਇਆ ਸੀ | ਇਸ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਐੱਸ. ਕੇ. ਕਪਾਹੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਕੱਲ੍ਹ 3 ਜੂਨ ਤੋਂ ਸੰਗਤਾਂ ਦੇ ਦਰਸ਼ਨ ਦੀਦਾਰ (ਨਤਮਸਤਕ) ਕਰਨ ਲਈ ਮੁੜ ਦੁਬਾਰਾ ਖੋਲਿਆ ਜਾ ਰਿਹਾ ਹੈ | ਇਸ ਦਾ ਖੁੱਲਣ ਦਾ ਸਮਾਂ ਸਵੇਰੇ 5.45 ਵਜੇ ਤੋਂ 8.45 ਸਵੇਰ ਵਜੇ ਤੱਕ ਹੀ ਹੋਵੇਗਾ ਤੇ ਐਤਵਾਰ 5.45 ਤੋਂ ਸਵੇਰ 10 ਵਜੇ ਤੱਕ ਹੋਵੇਗਾ | ਸੰਗਰਾਂਦ ਵਾਲੇ ਦਿਨ ਸਵੇਰ 5.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ | ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਹਵਾਈ ਅੱਡੇ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਲੀਆਂ ਸੰਗਤਾਂ ਆਪਣਾ ਕੋਈ ਵੀ ਸਨਾਖਤੀ ਕਾਰਡ ਜਿਨ੍ਹਾਂ ਵਿਚ ਆਧਾਰ ਕਾਰਡ, ਪਾਸਪੋਰਟ ਜਾਂ ਪੈਨ ਕਾਰਡ ਨਾਲ ਲੈ ਕੇ ਆਉਣ ਜੇਕਰ ਕਿਸੇ ਕੋਲ ਸ਼ਨਾਖਤੀ ਕਾਰਡ ਨਾ ਹੋਇਆ ਤਾਂ ਉਸਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਮੋਬਾਈਲ ਲੈ ਕੇ ਜਾਣ ਦੀ ਸਖਤ ਮਨਾਹੀ ਹੈ | ਮੋਬਾਈਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਜਮ੍ਹਾਂ ਕੀਤੇ ਜਾਂਦੇ ਸਨ, ਪਰ ਇਸ ਵਾਰ ਜਮ੍ਹਾਂ ਵੀ ਨਹੀਂ ਕੀਤੇ ਜਾਣਗੇ, ਕਿਉਂਕਿ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵੀ ਯਾਤਰੀ ਆਉਂਦੇ ਹਨ ਉਹ ਆਪਣੇ ਮੋਬਾਈਲ ਫ਼ੋਨ ਗੱਡੀਆਂ ਵਿਚ ਰੱਖਣ ਜਾਂ ਘਰ ਵਿਚ ਹੀ ਰੱਖ ਕੇ ਆਉਣ |