ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਲਘੂ ਉਦਯੋਗ ਭਾਰਤੀ ਦੀ ਅੰਮਿ੍ਤਸਰ ਇਕਾਈ ਵਲੋਂ ਮੀਟਿੰਗ ਮੌਕੇ ਐੱਲ. ਯੂ. ਬੀ. ਪ੍ਰਧਾਨ ਅਮਿੱਤ ਕਪੂਰ, ਮਹਿਲਾ ਇਕਾਈ ਪ੍ਰਧਾਨ ਪਿ੍ਅੰਕਾ ਗੋਇਲ ਤੇ ਸਕੱਤਰ ਡਾ: ਰਵੀ ਸ਼ੰਕਰ ਸਿੰਘ ਦੀ ਅਗਵਾਈ 'ਚ ਸਾਈਬਰ ਸੁਰੱਖਿਆ ਦੇ ਬਾਰੇ 'ਚ ਕਾਰੋਬਾਰੀਆਂ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਸਾਈਬਰ ਸੁਰੱਖਿਆ ਮਾਹਿਰ ਮੈਡਮ ਇਸ਼ੂ ਠਾਕੁਰ ਵਲੋਂ ਐੱਮ. ਐੱਸ. ਐੱਮ. ਈ. ਨਾਲ ਸਾਈਬਰ ਧੋਖਾਧੜੀ, ਸਾਈਬਰ ਖ਼ਤਰਿਆਂ ਨੂੰ ਸਮਝਣਾ, ਅੰਦਰੂਨੀ ਅਤੇ ਬਾਹਰੀ ਜੋਖ਼ਮ, ਐੱਮ. ਐੱਸ. ਐੱਮ. ਈ. ਨੂੰ ਦਰਪੇਸ਼ ਚੁਣੌਤੀਆਂ, ਸਾਈਬਰ ਸਫ਼ਾਈ ਦੀ ਮਹੱਤਤਾ, ਸਾਈਬਰ ਘਟਨਾਵਾਂ ਲਈ ਲੋੜੀਂਦੀ ਕਾਰਜ ਯੋਜਨਾ ਆਦਿ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਇਸ਼ੂ ਠਾਕੁਰ ਨੇ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ 32 ਫ਼ੀਸਦੀ ਤੋਂ ਵਧੇਰੇ ਐੱਮ. ਐੱਸ. ਐੱਮ. ਈ. ਕਾਰੋਬਾਰੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ | ਉਨ੍ਹਾਂ ਨੇ ਹਾਜ਼ਰ ਕਾਰੋਬਾਰੀਆਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਰੱਖਣ ਸਮੇਂ ਕਿੰਨਾ-ਕਿੰਨਾ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਇਨਫਰਮੇਸ਼ਨ ਨੂੰ ਲੀਕ ਹੋਣ ਤੋਂ ਬਚਾਉਣ ਅਤੇ ਆਪਣੇ ਕੰਪਿਊਟਰ, ਮੋਬਾਈਲ ਜਾਂ ਲੈਪਟਾਪ ਨੂੰ ਖ਼ਤਰਨਾਕ ਵਾਇਰਸ ਤੋਂ ਬਚਾਉਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ; ਆਦਿ ਦੇ ਬਾਰੇ 'ਚ ਵਿਸ਼ੇਸ਼ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਰਾਜੀਵ ਅਨੇਜਾ ਸਮੇਤ ਹੋਰ ਕਈ ਕਾਰੋਬਾਰੀ ਆਗੂ ਹਾਜ਼ਰ ਸਨ |