ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਪਿਛਲੇ ਦਿਨੀਂ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਇਕ ਆਈਲਟਸ ਸੈਂਟਰ ਚਲਾਉਣ ਵਾਲੇ ਨੌਜਵਾਨ ਨਰਿੰਦਰ ਦੀ ਮੌਤ ਦੇ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਦੇਸ਼ ਦੇ ਰਾਸ਼ਟਰਪਤੀ ਤੇ ਸੂਬੇ ਦੇ ਰਾਜਪਾਲ ਤੱਕ ਵੀ ਪਹੁੰਚ ਕੀਤੀ ਜਾਵੇਗੀ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਸੂਬਾ ਪ੍ਰਧਾਨ ਡਾ. ਜਸਵਿੰਦਰ ਕੌਰ ਸੋਹਲ ਨੇ ਗੋਨਿਆਣਾ ਵਿਖੇ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਅੱਜ ਇਥੇ ਗੱਲਬਾਤ ਕਰਦਿਆਂ ਕੀਤਾ | ਡਾ: ਸੋਹਲ ਨੇ ਕਿਹਾ ਕਿ ਨਿਰਦੋਸ਼ ਵਿਅਕਤੀ ਦੀ ਮੌਤ ਦਾ ਮਾਮਲਾ ਪੁਲਿਸ ਅਤੇ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵੱਡੇ ਵੱਡੇ ਦਮਗਜੇ ਮਾਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡੇ ਜਾ ਕੇ ਦੋ ਕਦਮ ਨਰਿੰਦਰ ਦੇ ਘਰ ਤੱਕ ਪਹੁੰਚ ਕੇ ਮਿ੍ਤਕ ਦੀ ਧਰਮ ਪਤਨੀ, ਉਨ੍ਹਾਂ ਦੇ ਪੰਜ ਸਾਲ ਦੇ ਪੁੱਤਰ ਅਤੇ ਮਾਤਾ ਪਿਤਾ ਨਾਲ ਹਮਦਰਦੀ ਦੇ ਦੋ ਬੋਲ ਵੀ ਨਹੀਂ ਸਾਂਝੇ ਕਰ ਸਕੇ | ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ | ਪ੍ਰਧਾਨ ਸੋਹਲ ਨੇ ਕਿਹਾ ਕਿ ਉਹ ਜਲਦ ਹੀ ਰਾਜਪਾਲ ਪੰਜਾਬ ਨੂੰ ਮਿਲ ਕੇ ਇਸ ਮਾਮਲੇ ਦੇ ਇਨਸਾਫ, ਦੋਸ਼ੀ ਅਫ਼ਸਰਾਂ ਖਿਲਾਫ਼ ਕਾਰਵਾਈ ਲਈ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ਦੇ ਨਾਲ ਨਾਲ ਪੀੜਤ ਪਰਿਵਾਰ ਦੇ ਗੁਜਰ ਬਸਰ ਲਈ ਨੌਕਰੀ ਤੇ ਮੁਆਵਜ਼ੇ ਦੀ ਮੰਗ ਕਰਨਗੇ |