ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਪ੍ਰਚਾਰ ਨਾ ਕੀਤੇ ਜਾਣ ਕਾਰਨ ਸਥਾਨਕ ਗੋਲ ਬਾਗ ਵਿਖੇ ਉਸਾਰੇ ਗਏ 'ਸ਼ਹੀਦ ਮਦਨ ਲਾਲ ਢੀਂਗਰਾ ਸ਼ਹੀਦੀ ਸਮਾਰਕ' ਵਿਖੇ ਦਰਸ਼ਕ ਨਹੀਂ ਪਹੁੰਚ ਰਹੇ ਹਨ, ਜਿਸ ਕਾਰਨ ਇੱਥੇ ਹਰ ਵੇਲੇ ਵੀਰਾਨਗੀ ਛਾਈ ਰਹਿੰਦੀ ਹੈ | ਢੀਂਗਰਾ ਦੀ ਸ਼ਹਾਦਤ ਦੇ ਪੂਰੇ 114 ਸਾਲ ਬਾਅਦ ਸਾਬਕਾ ਸੂਬਾਈ ਵਜ਼ੀਰ ਅਤੇ ਸ੍ਰੀ ਦੁਰਗਿਆਣਾ ਕਮੇਟੀ ਦੀ ਮੌਜੂਦਾ ਪ੍ਰਧਾਨ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਦੀਆਂ ਕੋਸ਼ਿਸ਼ਾਂ ਸਦਕਾ ਉਸਾਰਿਆ ਗਿਆ ਇਹ ਸਮਾਰਕ ਸ਼ਹੀਦ ਢੀਂਗਰਾ ਨਾਲ ਸੰਬੰਧਿਤ ਦੇਸ਼ ਦੀ ਪਹਿਲੀ ਯਾਦਗਾਰ ਹੈ | ਇਸ 4000 ਗੱਜ ਤੋਂ ਵਧੇਰੇ ਰਕਬੇ 'ਚ ਬਣੀ ਯਾਦਗਾਰ ਦੀ ਗੈਲਰੀ 'ਚ ਸ਼ਹੀਦ ਢੀਂਗਰਾ ਦੀ ਜੀਵਨੀ ਤੇ ਸ਼ਹਾਦਤ ਨਾਲ ਸੰਬੰਧਿਤ ਉਸ ਸਮੇਂ ਦੀਆਂ ਉਰਦੂ ਅਤੇ ਅੰਗਰੇਜ਼ੀ ਅਖ਼ਬਾਰਾਂ 'ਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਅਤੇ ਹੋਰ ਦੁਰਲਭ ਦਸਤਾਵੇਜ਼ਾਂ ਨੂੰ ਇਤਿਹਾਸਕ ਜਾਣਕਾਰੀ ਸਮੇਤ ਪੈਨਲਾਂ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ | ਇਸ ਯਾਦਗਾਰ 'ਚ ਮਿਊਜ਼ੀਅਮ ਅਤੇ ਆਡੀਟੋਰੀਅਮ ਵੀ ਉਸਾਰੇ ਗਏ ਹਨ | ਇਸ ਸ਼ਹੀਦੀ ਯਾਦਗਾਰ ਤਕ ਲੋਕਾਂ ਦੇ ਪਹੁੰਚਣ ਲਈ ਗੋਲ ਬਾਗ਼ ਦੇ ਅੰਦਰੋਂ ਤੇ ਰੇਲਵੇ ਸਟੇਸ਼ਨ ਦੇ ਪਿਛਲੇ ਰਸਤੇ ਦੇ ਸਾਹਮਣੇ ਪਾਸੇ ਤੋਂ ਦੋ ਰਸਤੇ ਦਿੱਤੇ ਗਏ ਹਨ | ਸਮਾਰਕ ਦੇ ਪਾਰਕ ਦੇ ਅੱਧ ਵਿਚਾਲੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਕੁਰਸੀ 'ਤੇ ਬੈਠੇ ਹੋਏ ਦਾ ਬੁੱਤ ਵੀ ਸਥਾਪਿਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਉਕਤ ਗੋਲ ਬਾਗ ਦੇ ਸਥਾਨ 'ਤੇ ਪਹਿਲਾਂ ਨਰਾਇਣ ਸਿੰਘ ਵਕੀਲ ਦਾ ਬਾਗ ਹੋਇਆ ਕਰਦਾ ਸੀ | ਸੰਨ 1882 'ਚ ਸਰ ਚਾਰਲਸ ਐਚੀਸਨ ਦੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਂਅ 'ਤੇ ਬਾਗ਼ ਦਾ ਨਾਂਅ ਐਚੀਸਨ ਪਾਰਕ ਰੱਖਿਆ ਗਿਆ ਅਤੇ ਬਾਗ ਗੁਲਾਈ 'ਚ ਬਣਿਆ ਹੋਣ ਕਰਕੇ ਬਾਅਦ 'ਚ ਇਹ 'ਗੋਲ ਬਾਗ' ਨਾਂਅ ਨਾਲ ਪ੍ਰਸਿੱਧ ਹੋ ਗਿਆ | ਇਸ ਬਾਗ 'ਚ ਦਸੰਬਰ 1919 ਨੂੰ ਆਲ ਇੰਡੀਆ ਕਾਂਗਰਸ ਦੇ 34ਵੇਂ ਇਜਲਾਸ ਮੌਕੇ ਮਹਾਤਮਾ ਗਾਂਧੀ ਲਗਭਗ 5 ਦਿਨਾਂ ਤੱਕ ਰੁਕੇ ਸਨ |