ਸੁਲਤਾਨਵਿੰਡ, 3 ਜੂਨ (ਗੁਰਨਾਮ ਸਿੰਘ ਬੁੱਟਰ)-ਪੰਜਾਬ ਵਿਚ ਤੇਜ਼ੀ ਨਾਲ ਹੋ ਰਹੇ ਗ਼ੈਰਕਾਨੂੰਨੀ ਧਰਮ ਪਰਿਵਰਤਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਤੱਤਪਰ ਉਦਾਸੀਨ ਟਕਸਾਲ ਇੰਟਰਨੈਸ਼ਨਲ ਸੰਸਥਾ ਦੇ ਮੁਖੀ ਸੰਤ ਬਾਬਾ ਗੁਰਪ੍ਰੀਤ ਸਿੰਘ ਉਦਾਸੀ ਪਿਛਲੇ ਇਕ ਸਾਲ ਤੋਂ ਅਮਰੀਕਾ ਤੋਂ ਪੰਜਾਬ ਵਿਚ ਰਹਿ ਕੇ ਲੋਕਾਂ ਨੂੰ ਜਿੱਥੇ ਧਰਮ ਪਰਿਵਰਤਨ ਨਾ ਕਰਨ ਲਈ ਜਾਗਰੂਕ ਕਰ ਰਹੇ ਹਨ ਉੱਥੇ ਹੀ ਕਿਸੇ ਵੀ ਧਰਮ ਪ੍ਰਤੀ ਕੋਈ ਈਰਖਾ ਨਾ ਰੱਖਣ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਹੋਈ ਇਕ ਪ੍ਰੈੱਸ ਮਿਲਣੀ ਦੌਰਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਵੀ ਸਰਕਾਰ ਅੱਗੇ ਮੰਗਾਂ ਰੱਖੀਆਂ ਸਨ ਕਿ ਜਿਸ ਕਿਸੇ ਨੇ ਵੀ ਧਰਮ ਪਰਿਵਰਤਨ ਕਰਨਾ ਹੈ ਉਹ ਸਾਡੀ ਪੱਗ ਅਤੇ ਨਾਂਅ ਛੱਡ ਕੇ ਜਾਵੇ, ਉਹ ਕਾਨੂੰਨੀ ਤਰੀਕੇ ਨਾਲ ਪੇਪਰਾਂ 'ਤੇ ਆਪਣੀ ਪਛਾਣ ਬਦਲੇ ਅਤੇ ਐੱਸ. ਸੀ. ਕੋਟਾ ਤਿਆਗੇ, ਪੰਜਾਬ ਵਿਚ ਡਰੱਗ ਐਂਡ ਮੈਜਿਕਲ ਰੈਮਿਡੀ ਐਕਟ ਲਿਆਂਦਾ ਜਾਵੇ, ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਖਿਲਾਫ਼ ਕਾਨੂੰਨ ਬਨਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਯੂ. ਪੀ. ਵਿਚ ਗ਼ੈਰ-ਕਨੂੰਨੀ ਧਰਮ ਪਰਿਵਰਤਨ ਖਿਲਾਫ ਕਾਨੂੰਨ ਪਾਸ ਕਰ ਦਿੱਤਾ ਹੈ, ਪਰ ਪੰਜਾਬ ਵਿਚ ਕਿਸੇ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਪਰੋਕਤ ਮੰਗਾਂ ਪ੍ਰਤੀ ਜਲਦੀ ਕੋਈ ਫੈਸਲਾ ਲਿਆ ਜਾਵੇ | ਇਸ ਮੌਕੇ ਮਹੰਤ ਅਰੁਣ ਗਿਰੀ ਜੀ ਸ਼੍ਰੀ ਪੰਚ ਦਸ਼ਨਾਮ ਭੈਰਵ ਜੂਨਾ ਅਖਾੜਾ, ਬਲਵਿੰਦਰ ਸਿੰਘ ਖ਼ਾਲਸਾ ਗੁਰ ਤੇਗ਼ ਬਹਾਦਰ ਚੈਰੀਟੇਬਲ ਟਰਸਟ, ਸੰਤ ਦਵਿੰਦਰ ਸਿੰਘ ਨਾਮਧਾਰੀ ਸੰਸਥਾ, ਪਿ੍ਤਪਾਲ ਸਿੰਘ ਨਾਮਧਾਰੀ, ਰਿੰਕੂ ਨਾਮਧਾਰੀ ਤੇ ਦਵਿੰਦਰ ਸਿੰਘ ਪਹਿਲਵਾਨ ਆਦਿ ਹਾਜ਼ਰ ਹਨ |