ਅੰਮਿ੍ਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਸਿੱਖਿਆ ਦੇ ਮਿਆਰ 'ਚ ਹੋਰ ਸੁਧਾਰ ਦੀਆਂ ਪੌੜੀਆਂ ਤੇਜ਼ੀ ਨਾਲ ਚੜ੍ਹਦਿਆਂ ਦ ਵੀਕ-ਹੰਸਾ ਸਰਵੇ 2025-ਬੈਸਟ ਯੂਨੀਵਰਸਿਟੀ ਰੈਂਕਿੰਗ 'ਚ ਸਰਕਾਰੀ ਮਲਟੀਡਿਸੀਪਲਿਨਰੀ ਯੂਨੀਵਰਸਿਟੀਜ਼ (ਆਲ ਇੰਡੀਆ) ਵਰਗ 'ਚ 12ਵਾਂ ਸਥਾਨ ਹਾਸਲ ਕੀਤਾ ਹੈ | ਇਨਟਰਨਲ ਕੁਆਲਟੀ ਐਸ਼ੋਰੈਂਸ ਸੈਲ ਦੇ ਡਾਇਰੈਕਟਰ, ਡਾ. ਜਤਿੰਦਰ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਆਲ ਇੰਡੀਆ ਰੈਂਕਿੰਗ 2016 'ਚ 24ਵੇਂ ਸਥਾਨ ਤੋਂ ਵਧ ਕੇ 2025 'ਚ 12ਵੇਂ ਸਥਾਨ 'ਤੇ ਪਹੁੰਚ ਗਈ ਹੈ | ਯੂਨੀਵਰਸਿਟੀ ਨੇ ਸਟੇਟ ਮਲਟੀਡਿਸੀਪਲਿਨਰੀ ਸੰਸਥਾਵਾਂ 'ਚ ਆਪਣਾ 8ਵਾਂ ਸਥਾਨ ਬਰਕਰਾਰ ਰੱਖਿਆ ਹੈ ਅਤੇ ਉੱਤਰੀ ਜ਼ੋਨ ਦੀਆਂ ਮਲਟੀਡਿਸੀਪਲਿਨਰੀ ਯੂਨੀਵਰਸਿਟੀਜ਼ 'ਚ 7ਵਾਂ ਸਥਾਨ ਹਾਸਲ ਕੀਤਾ ਹੈ | ਉੱਤਰੀ ਜ਼ੋਨ 'ਚ ਸਟੇਟ ਪਬਲਿਕ ਮਲਟੀਡਿਸੀਪਲਿਨਰੀ ਯੂਨੀਵਰਸਿਟੀਜ਼ 'ਚ ਇਸ ਨੇ ਦੂਜਾ ਸਭ ਤੋਂ ਉੱਚਾ ਸਥਾਨ ਪ੍ਰਾਪਤ ਕੀਤਾ, ਜਿਸ 'ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਜੋ ਕਿ ਕੇਂਦਰ ਸਰਕਾਰ ਦੁਆਰਾ ਫੰਡਿਡ ਇੰਟਰ-ਸਟੇਟ ਯੂਨੀਵਰਸਿਟੀ ਹੈ, ਪਹਿਲੇ ਸਥਾਨ 'ਤੇ ਹੈ | ਪ੍ਰੋ. (ਡਾ.) ਕਰਮਜੀਤ ਸਿੰਘ ਨੇ ਇਸ ਪ੍ਰਾਪਤੀ 'ਤੇ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉੱਚ ਗੁਣਵੱਤਾ ਵਾਲਾ, ਬਹੁਪੱਖੀ ਤੇ ਅਕਾਦਮਿਕ, ਖੋਜ, ਪੇਸ਼ੇਵਰਤਾ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਅਨੁਕੂਲ ਮਾਹੌਲ ਇਸ ਸਫਲਤਾ ਦਾ ਮੁੱਖ ਕਾਰਨ ਹੈ |ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਪਲਵਿੰਦਰ ਸਿੰਘ ਅਤੇ ਰਜਿਸਟਰਾਰ ਪ੍ਰੋ. ਕੇ.ਐਸ. ਚਾਹਲ ਨੇ ਵੀ ਯੂਨੀਵਰਸਿਟੀ ਦੇ ਸਮੂਹ ਪਰਿਵਾਰ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ |