ਸੁਲਤਾਨਵਿੰਡ, 3 ਜੂਨ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੇ ਭਾਈ ਮੰਝ ਸਾਹਿਬ ਰੋਡ ਦੇ ਇਲਾਕੇ ਕੋਟ ਮਿੱਤ ਸਿੰਘ ਵਿਖੇ ਇਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਮਿ੍ਤਕ ਦੀ ਭੈਣ ਗੁਰਵਿੰਦਰ ਕੌਰ ਨੇ ਦੱਸਿਆ ਕਿ ਮੇਰਾ ਭਰਾ ਭੁਪਿੰਦਰ ਸਿੰਘ ਮੰਗਾ ਜਿਸ ਦਾ ਅਜੇ ਵਿਆਹ ਨਹੀਂ ਸੀ ਹੋਇਆ ਅਤੇ ਆਟੋ ਰਿਪੇਅਰ ਦਾ ਕੰਮ ਕਰਦਾ ਸੀ, ਪਰ ਹਰ ਵੇਲੇ ਪ੍ਰੇਸ਼ਾਨ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਭੁਪਿੰਦਰ ਸਿੰਘ ਦੇ ਮਾਤਾ ਪਿਤਾ ਨਾ ਹੋਣ ਕਰਕੇ ਭੁਪਿੰਦਰ ਸਿੰਘ ਮੰਗਾ ਪੁੱਤਰ ਲੇਟ ਜਸਬੀਰ ਸਿੰਘ ਵਾਸੀ ਕੋਟ ਮਿੱਤ ਸਿੰਘ ਸੁਲਤਾਨਵਿੰਡ ਆਪਣੇ ਵੱਡੇ ਭਰਾ ਸਤਨਾਮ ਸਿੰਘ ਕੋਲ ਰਹਿੰਦਾ ਸੀ ਭੁਪਿੰਦਰ ਸਿੰਘ ਮੰਗਾ ਪਿਛਲੇ ਕੁਝ ਦਿਨਾਂ ਤੋਂ ਕਾਲੇ ਪੀਲੀਏ ਦਾ ਸ਼ਿਕਾਰ ਹੋਣ ਕਰਕੇ ਅਕਸਰ ਹੀ ਪ੍ਰੇਸ਼ਾਨੀ ਵਿਚ ਰਹਿੰਦਾ ਸੀ, ਪਰ ਸਾਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡੇ ਨਾਲ ਕੀ ਭਾਣਾ ਵਰਤ ਗਿਆ | ਜਦੋਂ ਇਸ ਸੰਬੰਧੀ ਥਾਣਾ ਸੁਲਤਾਨਵਿੰਡ ਦੇ ਡਿਊਟੀ ਅਫ਼ਸਰ ਏ. ਐੱਸ. ਆਈ. ਵਿਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਿ੍ਤਕ ਭੁਪਿੰਦਰ ਸਿੰਘ ਮੰਗਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਅਜੇ ਤੱਕ ਕੋਈ ਬਿਆਨ ਦਰਜ ਨਹੀਂ ਕਰਵਾਇਆ |