ਅੰਮਿ੍ਤਸਰ, 4 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਜ਼ਿਲ੍ਹਾ ਜਲੰਧਰ ਦੇ ਫਿਲੌਰ ਵਿਖੇ ਰਾਧਾ ਸੁਆਮੀ ਕਾਲੋਨੀ 'ਚ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਉੱਪਰ ਕਾਲਖ ਲਾਏ ਜਾਣ ਦੀ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਆਖਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ | ਉਨ੍ਹਾਂ ਆਖਿਆ ਕਿ ਕੁਝ ਮਾੜੇ ਤੇ ਦੇਸ਼ ਵਿਰੋਧੀ ਲੋਕ ਪੰਜਾਬ ਦਾ ਸ਼ਾਂਤੀ ਭਰਿਆ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ 'ਚ ਲੱਗੇ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨੂੰ ਵਧਾਇਆ ਜਾਵੇ | ਪੰਜਾਬ 'ਚ 6 ਜੂਨ ਨੂੰ ਘੱਲੂਘਾਰਾ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਕੁਝ ਮਾੜੇ ਅਤੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ | ਡਿੰਪੀ ਚੌਹਾਨ ਨੇ ਆਖਿਆ ਕਿ ਪੰਜਾਬ 'ਚ ਹਿੰਦੂ ਸਿੱਖ ਏਕਤਾ ਨੂੰ ਤੋੜਨ ਦੀਆਂ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ | ਭੀਮ ਰਾਓ ਅੰਬੇਡਕਰ ਨੇ ਹਮੇਸ਼ਾ ਆਪਸੀ ਏਕਤਾ ਦਾ ਸੰਦੇਸ਼ ਦਿੱਤਾ ਤੇ ਭਾਰਤ ਦਾ ਸੰਵਿਧਾਨ ਲਿਖਿਆ ਜੋ ਹਰ ਭਾਰਤੀ ਨਾਗਰਿਕ ਵਾਸਤੇ ਇਕ ਹੈ |