ਅੰਮਿ੍ਤਸਰ, 1 ਸਤੰਬਰ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼ ਅੰਮਿ੍ਤਸਰ-1 ਡਿਪੂ ਦੇ ਤਿੰਨ ਡਰਾਈਵਰਾਂ ਵਲੋਂ ਸਰਕਾਰੀ ਬੱਸ 'ਚ ਦਿਨ ਦਿਹਾੜੇ ਨਸ਼ਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਵਾਕਿਆ ਕਿਤੇ ਬਾਹਰ ਦਾ ਨਹੀਂ, ਬਲਕਿ ਰੋਡਵੇਜ਼ ਡਿਪੂ ਦੇ ਅੰਦਰ ਦਾ ਹੀ ਹੈ | ਇਸ ਵਾਇਰਲ ਹੋਈ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੱਸ ਖੜ੍ਹੀ ਹੈ, ਜਿਸ ਵਿਚ ਉਕਤ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਬੈਠਾ ਅਤੇ ਉਹ ਆਪਸ 'ਚ ਗੱਲਾਂ ਕਰਦੇ ਹੋਏ ਨਸ਼ੇ ਦਾ ਸੇਵਨ ਕਰ ਰਹੇ ਹਨ | ਜੀ. ਐੱਮ-1 ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਗੰਭੀਰ ਨੋਟਿਸ ਲੈਂਦਿਆਂ ਉਕਤ ਤਿੰਨਾਂ ਨੂੰ ਰੂਟ ਆਫ਼ ਕਰ ਦਿੱਤਾ ਗਿਆ ਹੈ ਅਤੇ ਸਿਵਲ ਸਰਜਨ ਨੂੰ ਉਨ੍ਹਾਂ ਦਾ ਡੋਪ ਟੈਸਟ ਕਰਨ ਲਈ ਕਿਹਾ ਗਿਆ ਹੈ | ਜੇਕਰ ਡੋਪ ਟੈਸਟ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਫੇਰ ਉਨ੍ਹਾਂ ਦੇ ਵਿਰੁੱਧ ਅਗਲੀ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ |